ਜੰਗਲਾਤ ਜ਼ਮੀਨ ਘੁਟਾਲੇ 'ਚ ਸੰਦੋਆ ਦਾ ਨਾਂ ਆਉਣ 'ਤੇ ਬੋਲੇ, ਅਮਨ ਅਰੋੜਾ, 'ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੌਲਰੈਂਸ ਨੀਤੀ, ਚਾਹੇ ਸਾਡਾ ਹੋਵੇ, ਚਾਹੇ ਕੋਈ ਹੋਰ'
ਅਰੋੜਾ ਨੇ ਕਿਹਾ ਕਿ ਜੇਕਰ ਅਮਰਜੀਤ ਸਿੰਘ ਸੰਦੋਆ ਦਾ ਨਾਂ ਕਿਸੇ ਘਪਲੇ 'ਚ ਆ ਰਿਹਾ ਹੈ ਤਾਂ ਇਸ ਦਾ ਜਵਾਬ ਉਹ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ 2019-20 ਦਾ ਹੈ। ਉਸ ਸਮੇਂ ਅਮਰਜੀਤ ਸਿੰਘ ਕਾਂਗਰਸ ਵਿੱਚ ਸੀ
ਚੰਡੀਗੜ੍ਹ: ਕੈਬਨਿਟ ਮੰਤਰੀ ਅਮਨ ਅਰੋੜਾ ਨਾ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਹੈ, ਚਾਹੇ ਸਾਡਾ ਹੋਵੇ, ਚਾਹੇ ਕੋਈ ਹੋਰ ਹੋਵੇ, ਭ੍ਰਿਸ਼ਟਾਚਾਰ ਕਰਨ ਵਾਲੇ ਹਰ ਵਿਅਕਤੀ ਨਾਲ ਸਖਤੀ ਵਰਤੀ ਜਾਵੇਗੀ। ਅਮਨ ਅਰੋੜਾ ਦੀ ਇਹ ਟਿੱਪਣੀ ਸਾਬਕਾ 'ਆਪ' ਅਮਰਜੀਤ ਸਿੰਘ ਸੰਦੋਆ ਦਾ ਨਾ ਜੰਗਲਾਤ ਜ਼ਮੀਨ ਘੁਟਾਲੇ ਵਿੱਚ ਆਉਣ 'ਤੇ ਸੀ।
ਅਰੋੜਾ ਨੇ ਕਿਹਾ ਕਿ ਜੇਕਰ ਅਮਰਜੀਤ ਸਿੰਘ ਸੰਦੋਆ ਦਾ ਨਾਂ ਕਿਸੇ ਘਪਲੇ 'ਚ ਆ ਰਿਹਾ ਹੈ ਤਾਂ ਇਸ ਦਾ ਜਵਾਬ ਉਹ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ 2019-20 ਦਾ ਹੈ। ਉਸ ਸਮੇਂ ਅਮਰਜੀਤ ਸਿੰਘ ਕਾਂਗਰਸ ਵਿੱਚ ਸੀ ਤੇ ਤੁਸੀਂ ਕਾਂਗਰਸ ਦੇ ਸੱਭਿਆਚਾਰ ਨੂੰ ਜਾਣਦੇ ਹੋ, ਸ਼ਾਇਦ ਇਸੇ ਲਈ ਉਸ ਸਮੇਂ ਅਜਿਹਾ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮੰਤਰੀਆਂ ਖਿਲਾਫ ਵੀ ਕਾਰਵਾਈ ਕੀਤੀ ਹੈ ਤੇ ਹੋਰ ਲੋਕਾਂ ਖਿਲਾਫ ਵੀ ਕਾਰਵਾਈ ਕੀਤੀ ਹੈ ਜੋ ਵੀ ਦੋਸ਼ੀ ਹੋਵੇ।
ਦੱਸ ਦਈਏ ਕਿ ਬਹੁ ਚਰਚਿਤ ਜੰਗਲਾਤ ਜ਼ਮੀਨ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਵੀ ਨਾਂ ਗੂੰਜਣ ਲੱਗਾ ਹੈ। ਸੂਤਰਾਂ ਮੁਤਾਬਕ ਸੰਦੋਆ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਇਸ ਲਈ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਸੂਤਰਾਂ ਮੁਤਾਬਕ ਰੂਪਨਗਰ ਦੇ ਪਿੰਡ ਕਰੂਰਾਂ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ 10 ਗੁਣਾ ਵੱਧ ਕੀਮਤ ’ਤੇ ਵੇਚਣ ਸਬੰਧੀ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਸੇਕ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੱਕ ਪੁੱਜ ਗਿਆ ਹੈ। ਇਸੇ ਦੌਰਾਨ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ।
ਦੂਜੇ ਪਾਸੇ ਅਮਰਜੀਤ ਸਿੰਘ ਸੰਦੋਆ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜਿਸ਼ ਹੈ ਤੇ ਉਹ ਬੇਕਸੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੂਰੇ ਮਾਮਲੇ ਬਾਰੇ ਸਮਝਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨੋਵਾ ਗੱਡੀ ਉਨ੍ਹਾਂ ਦੇ ਸਹੁਰੇ ਨੇ ਵਰਤਣ ਲਈ ਦਿੱਤੀ ਸੀ ਪਰ ਉਨ੍ਹਾਂ ਕਦੇ ਆਪਣੇ ਸਹੁਰਿਆਂ ਤੋਂ ਆਮਦਨ ਦੇ ਸਰੋਤਾਂ ਬਾਰੇ ਨਹੀਂ ਪੁੱਛਿਆ।