(Source: ECI/ABP News)
ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਮੁੜ ਗਠਜੋੜ! ਹਰਸਿਮਰਤ ਬਾਦਲ ਮੁੜ ਬਣ ਸਕਦੀ ਮੰਤਰੀ, ਮੀਟਿੰਗ ਦਾ ਦੌਰ ਜਾਰੀ
ਮੀਡੀਆ ਰਿਪੋਰਟਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਤੈਅ ਹਨ। ਦੋਵਾਂ ਪਾਰਟੀਆਂ ਵਿਚਾਲੇ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ। ਹੁਣ ਸਿਰਫ਼ ਗੱਠਜੋੜ ਦੇ ਐਲਾਨ ਦੀ ਹੀ ਉਡੀਕ ਹੈ।

Shiromani Akali Dal-BJP Alliance: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਗਠਜੋੜ ਹੋ ਸਕਦਾ ਹੈ। ਬੇਸ਼ੱਕ ਬੀਜੇਪੀ ਦੇ ਕੁਝ ਸਥਾਨਕ ਲੀਡਰ ਇਸ ਨਾਲ ਸਹਿਮਤ ਨਹੀਂ ਪਰ ਕੇਂਦਰੀ ਲੀਡਰਸ਼ਿਪ ਇਸ ਲਈ ਰਾਜੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਭਾਰਤੀ ਜਨਤਾ ਪਾਰਟੀ ਪ੍ਰਤੀ ਨਰਮ ਪੈ ਗਿਆ ਹੈ।
ਮੀਡੀਆ ਰਿਪੋਰਟਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਤੈਅ ਹਨ। ਦੋਵਾਂ ਪਾਰਟੀਆਂ ਵਿਚਾਲੇ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ। ਹੁਣ ਸਿਰਫ਼ ਗੱਠਜੋੜ ਦੇ ਐਲਾਨ ਦੀ ਹੀ ਉਡੀਕ ਹੈ। ਉਂਝ ਦੋਵਾਂ ਧਿਰਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਸੂਤਰਾਂ ਮੁਤਾਬਕ ਇਸ ਵਾਰ ਅਕਾਲੀ ਦਲ ਨਹੀਂ ਸਗੋਂ ਬੀਜੇਪੀ ਗੱਠਜੋੜ ਲਈ ਪਹਿਲ ਕਰ ਰਹੀ ਹੈ। ਇਸ ਦਾ ਮੁੱਖ ਕਾਰਨ ਵਿਰੋਧੀ ਧਿਰ ਦਾ ਮਹਾਗਠਜੋੜ ਦੱਸਿਆ ਜਾ ਰਿਹਾ ਹੈ। ਬੇਸ਼ੱਕ, ਭਾਜਪਾ ਦਾਅਵੇ ਕਰ ਰਹੀ ਹੈ ਕਿ ਵਿਰੋਧੀ ਧਿਰ ਦੇ ਮਹਾਗਠਜੋੜ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਅੰਦਰਲੀ ਹਕੀਕਤ ਇਹ ਹੈ ਕਿ ਭਾਜਪਾ ਉਨ੍ਹਾਂ ਪਾਰਟੀਆਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸ ਨਾਲੋਂ ਟੁੱਟ ਚੁੱਕੀਆਂ ਹਨ। ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਵੀ ਇਸੇ ਰਣਨੀਤੀ ਦਾ ਹੀ ਇੱਕ ਹਿੱਸਾ ਹੈ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਵਿੱਚ ਡੇਰੇ ਲਾਏ ਹੋਏ ਹਨ। ਗਠਜੋੜ ਦੀਆਂ ਸ਼ਰਤਾਂ ਤੈਅ ਕਰਨ ਲਈ ਉਹ ਉੱਥੇ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਇਹ ਵੀ ਚਰਚਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ 5 ਜੁਲਾਈ ਨੂੰ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ। ਉਹ ਫਿਰ ਤੋਂ ਨਵੇਂ ਗਠਜੋੜ ਦੀਆਂ ਨਵੀਆਂ ਸ਼ਰਤਾਂ ਅਹੁਦੇਦਾਰਾਂ ਦੇ ਸਾਹਮਣੇ ਰੱਖਣਗੇ ਤੇ ਉਨ੍ਹਾਂ ਦੀ ਰਾਏ ਲੈਣਗੇ।
ਇਸ ਤੋਂ ਬਾਅਦ ਸੁਖਬੀਰ ਬਾਦਲ ਨੇ 6 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਅਹੁਦੇਦਾਰਾਂ ਦੀ ਮੀਟਿੰਗ ਵਿੱਚ ਜੋ ਵੀ ਸਾਹਮਣੇ ਆਵੇਗਾ, ਉਸ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਹੁਦੇਦਾਰਾਂ ਤੇ ਕੋਰ ਕਮੇਟੀ ਦੀ ਮੀਟਿੰਗ ਸਿਰਫ਼ ਇੱਕ ਬਹਾਨਾ ਹੈ। ਪਾਰਟੀ ਨੇ ਗਠਜੋੜ ਸਬੰਧੀ ਸਾਰੇ ਅਧਿਕਾਰ ਪਹਿਲਾਂ ਹੀ ਸੁਖਬੀਰ ਬਾਦਲ ਨੂੰ ਦੇ ਦਿੱਤੇ ਹਨ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਵੱਲੋਂ ਤੈਅ ਕੀਤੇ ਗਏ ਸੀਟ ਫਾਰਮੂਲੇ ਵਿੱਚ ਭਾਜਪਾ ਨੇ ਨਵੇਂ ਗਠਜੋੜ ਵਿੱਚ ਆਪਣਾ ਕੱਦ ਵਧਾਇਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਘਟਾ ਦਿੱਤਾ ਗਿਆ ਹੈ। ਪੁਰਾਣੇ ਗਠਜੋੜ ਵਿੱਚ ਪਹਿਲਾਂ 10 ਤੇ 3 ਦਾ ਫਾਰਮੂਲਾ ਸੀ ਪਰ ਪਤਾ ਲੱਗਾ ਹੈ ਕਿ ਇਹ ਫਾਰਮੂਲਾ 8 ਤੇ 5 ਬਣ ਗਿਆ ਹੈ। ਭਾਜਪਾ 5 ਤੇ ਅਕਾਲੀ ਦਲ 8 ਸੀਟਾਂ 'ਤੇ ਚੋਣ ਲੜੇਗੀ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਗਠਜੋੜ ਦੇ ਐਲਾਨ ਤੋਂ ਬਾਅਦ ਹੀ ਮੋਦੀ ਸਰਕਾਰ ਆਪਣੀ ਕੈਬਨਿਟ ਦਾ ਅੰਤਿਮ ਵਿਸਥਾਰ ਕਰੇਗੀ। ਕੇਂਦਰੀ ਮੰਤਰੀ ਮੰਡਲ ਦੇ ਇਸ ਆਖਰੀ ਵਿਸਥਾਰ ਵਿੱਚ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਮੁੜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
