Sidhu Moose Wala Murder: ਲੁਧਿਆਣਾ ਦੇ ਡੀਐਮਸੀ 'ਚ ਸਿੱਧੂ ਦੇ ਸਾਥੀਆਂ ਦਾ ਚਲ ਰਿਹਾ ਇਲਾਜ, ਡਾਕਟਰਾਂ ਨੇ ਕੀਤੇ ਕਈ ਵੱਡੇ ਖੁਲਾਸੇ
ਬੀਤੇ ਦਿਨੀਂ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਦਾ ਦੁਖਦਾਈ ਅੰਤ ਹੋਇਆ। ਸਿੱਧੂ ਮੂਸੇਵਾਲਾ 'ਤੇ ਐਤਵਾਰ ਨੂੰ ਤਾਬੜਤੋੜ ਫਾਈਰਿੰਗ ਕੀਤੀ ਜਿਸ 'ਚ ਸਿੱਧੂ ਨੇ ਆਪਣੀ ਜਾਨ ਗੁਆ ਦਿੱਤੀ।
ਲੁਧਿਆਣਾ: ਮਾਨਸਾ 'ਚ ਬੀਤੇ ਦਿਨ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਉਸ ਦੇ ਦੋ ਸਾਥੀ ਵੀ ਗੰਭੀਰ ਜ਼ਖ਼ਮੀ ਹੋਏ ਸੀ, ਜਿਨ੍ਹਾਂ ਨੂੰ ਬੀਤੇ ਦਿਨ ਹੀ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ। ਦੱਸ ਦਈਏ ਕਿ ਇਨ੍ਹਾਂ ਦੋਵਾਂ ਜ਼ਖ਼ਮੀਆਂ ਵਿੱਚੋਂ ਇੱਕ ਗੁਰਵਿੰਦਰ ਦੇ ਸਰੀਰ ਵਿੱਚੋਂ ਗੋਲੀ ਕੱਢ ਦਿੱਤੀ ਗਈ ਹੈ ਤੇ ਉਸ ਦਾ ਆਪਰੇਸ਼ਨ ਕੀਤਾ ਗਿਆ। ਜਦੋਂਕਿ ਇਸ ਮਾਮਲੇ 'ਚ ਸਿੱਧੂ ਦਾ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੈ ਜਿਸ ਨੂੰ 3 ਗੋਲੀਆਂ ਲੱਗੀਆਂ। ਉਸ ਦਾ ਇਲਾਜ ਜਾਰੀ ਹੈ।
ਹੁਣ ਇਸ ਮਾਮਲੇ 'ਚ ਡਾਕਟਰ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇੱਕ ਨੂੰ ਕੂਹਣੀ ਤੇ ਪੱਟ 'ਚ ਗੋਲੀ ਵੱਜੀ ਹੈ ਜਦੋਂਕਿ ਇੱਕ ਨੂੰ ਬਾਂਹ 'ਚ ਗੋਲੀ ਲੱਗੀ ਹੈ। ਇਸ ਦੇ ਨਾਲ ਹੀ ਡਾਕਟਰ ਨੇ ਇਹ ਵੀ ਦੱਸਿਆ ਕਿ ਗੋਲੀਆਂ ਇਨ੍ਹੀਂ ਜ਼ੋਰ ਨਾਲ ਲੱਗੀਆਂ ਕਿ ਦੋਵਾਂ ਨੂੰ ਮਲਟੀਪਲ ਇੰਜਰੀਸ ਹੋਈਆਂ ਹਨ। ਉਨ੍ਹਾਂ ਨੂੰ ਕਈ ਫਰੈਕਚਰ ਹੋਏ ਹਨ। ਡਾਕਟਰਾਂ ਨੇ ਦੱਸਿਆ ਕਿ ਇੱਕ ਦੀ ਤਾਂ ਪੂਰੀ ਬਾਂਹ ਹੀ ਖੁੱਲ੍ਹ ਗਈ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਦੋਵਾਂ ਨੂੰ ਜਦੋਂ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਦੋਵਾਂ ਦੀ ਹਾਲਤ ਕਾਫੀ ਖ਼ਰਾਬ ਸੀ ਪਰ ਹੁਣ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਉਧਰ, ਦੋਵਾਂ ਨੂੰ ਪੁਲਿਸ ਦੇ ਅਫ਼ਸਰਾਂ ਅਤੇ ਪਰਿਵਾਰਕ ਮੈਬਰਾਂ ਨੂੰ ਹੀ ਮਿਲਣ ਦੀ ਇਜਾਜ਼ਤ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੋਵਾਂ ਸਾਥੀਆਂ ਦੇ ਬਿਆਨ ਲਏ ਗਏ। ਉਨ੍ਹਾਂ ਨੂੰ ਮਿਲਣ ਲੁਧਿਆਣਾ ਪੁਲਿਸ ਕਮਿਸ਼ਨਰ ਵੀ ਪੁੱਜੇ ਪਰ ਮੀਡੀਆ ਨੂੰ ਉਨ੍ਹਾਂ ਵਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ।
ਉਧਰ ਖ਼ਬਰ ਇਹ ਵੀ ਹੈ ਕਿ ਉਸ ਦੇ ਸਾਥੀਆਂ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਤਾਂ ਸਿੱਧੂ ਤੇ ਉਸ ਦੇ ਸਾਥੀ ਸਿੱਧੂ ਮੁਸੇਵਾਲੀ ਦੀ ਮਾਸੀ ਦੀ ਖ਼ਬਰ ਲੈਣ ਜਾ ਰਹੇ ਸੀ ਜੋ ਕੁਝ ਦਿਨਾਂ ਤੋਂ ਬਿਮਾਰ ਸੀ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਗੱਡੀ 'ਚ ਥਾਂ ਘੱਟ ਹੋਣ ਕਰਕੇ ਸਿੱਧੂ ਸੁਰੱਖਿਆ ਮੁਲਾਜ਼ਮਾਂ ਨੂੰ ਨਹੀਂ ਲੈ ਕੇ ਗਿਆ। ਸੀਨੀਅਰ ਅਫ਼ਸਰ ਲਗਾਤਾਰ ਹਸਪਤਾਲ ਆ ਰਹੇ ਹਨ ਤੇ ਜ਼ਖ਼ਮੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰ ਰਹੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਡੀਜੀਪੀ ਨੇ ਦਿੱਤਾ ਸਪਸ਼ਟੀਕਰਨ, ਮੈਂ ਕਦੇ ਨਹੀਂ ਕਿਹਾ ਸਿੱਧੂ ਗੈਂਗਸਟਰ...