Operation Blue Star: ਘੱਲੂਘਾਰਾ ਦਿਵਸ ਤੋਂ ਪਹਿਲਾਂ ਅੱਜ ਦਲ ਖਾਲਸਾ ਅੰਮ੍ਰਿਤਸਰ 'ਚ ਕੱਢੇਗਾ ਆਜ਼ਾਦੀ ਮਾਰਚ, ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਿਸ ਤੈਨਾਤ
Operation Blue Star: 1984 ਘੱਲੂਘਾਰਾ ਦਿਵਸ (ਸਾਕਾ ਨੀਲਾ ਤਾਰਾ) ਦੀ ਬਰਸੀ ਮੌਕੇ ਅੱਜ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ।
Operation Blue Star: 1984 ਘੱਲੂਘਾਰਾ ਦਿਵਸ (ਸਾਕਾ ਨੀਲਾ ਤਾਰਾ) ਦੀ ਬਰਸੀ ਮੌਕੇ ਅੱਜ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਅੰਮ੍ਰਿਤਸਰ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਇਹ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪਹਿਲਾਂ ਹੀ ਥਾਂ-ਥਾਂ ਪੋਸਟਰ ਲਗਾਏ ਗਏ ਸੀ।
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ 5 ਜੂਨ ਨੂੰ ਕੱਢਿਆ ਜਾਣ ਵਾਲਾ ਮਾਰਚ/ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਮਕਸਦ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਨਾ ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣਾ ਹੇੈ। ਉੱਥੇ ਹੀ ਭਲਕੇ ਯਾਨੀ 6 ਜੂਨ ਨੂੰ ਸ਼ਹਿਰ ਮੁਕੰਮਲ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ।
ਬਰਸੀ ਦੇ ਮੱਦੇਨਜ਼ਰ ਸ਼ਹਿਰ ਦੇ ਚੱਪੇ-ਚੱਪੇ 'ਤੇ ਪਹਿਲਾਂ ਹੀ ਪੁਲਿਸ ਤੈਨਾਤ ਕੀਤੀ ਗਈ ਹੈ। ਉੱਥੇ ਹੀ ਦਲ ਖਾਲਸਾ ਦੇ ਬੰਦ ਦੇ ਸੱਦੇ ਮਗਰੋਂ ਮੁਸਤੈਦੀ ਹੋਰ ਵਧਾ ਦਿੱਤੀ ਗਈ ਹੈ। ਹਰ ਆਉਣ-ਜਾਣ ਵਾਲੇ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਦਲ ਖਾਲਸਾ ਦੇ ਆਗੂਆਂ ਨੇ ਨਾਲ ਹੀ ਅੰਮ੍ਰਿਤਸਰ 'ਚ ਵਾਧੂ ਪੁਲਸ ਫੋਰਸ ਲਗਾਏ ਜਾਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹਾ ਜਾਣਬੁੱਝ ਕੇ 6 ਜੂਨ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਉਣ ਤੇ ਰੋਕਣ ਲਈ ਕੀਤਾ ਜਾ ਰਿਹਾ ਹੈ।
ਮਾਰਚ ਤੇ ਬੰਦ ਨੂੰ ਲੈ ਕੇ ਅੰਮ੍ਰਿਤਸਰ ਦੇ ਵੱਖ ਵੱਖ ਬਾਜਾਰਾਂ, ਸੜਕਾਂ ਤੇ ਵਹੀਕਲਾਂ 'ਤੇ ਦਲ ਖਾਲਸਾ ਵੱਲੋਂ ਹੋਰਡਿੰਗ/ਪੋਸਟਰ ਲਾਏ ਗਏ ਹਨ। ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਬੰਦ 'ਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਬੰਦ ਦੌਰਾਨ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਤੇ ਆਵਾਜਾਈ ਵੀ ਚੱਲਦੀ ਰਹੇਗੀ।