Operation Blue Star: ਹਰਿਮੰਦਰ ਸਾਹਿਬ 'ਤੇ ਹਮਲੇ ਬਾਰੇ ਜਨਰਲ ਬਰਾੜ ਦਾ ਵੱਡਾ ਖੁਲਾਸਾ, ਬੋਲੇ ਭਿੰਡਰਾਵਾਲਾ ਨੂੰ ਮਿਲ ਰਹੀ ਸੀ ਇੰਦਰਾ ਗਾਂਧੀ ਦੀ ਸ਼ਹਿ...
ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ (General Kuldeep Brar) ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindranwale) ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।
General Kuldeep Brar: ਸਾਕਾ ਨੀਲਾ ਤਾਰਾ (Operation Blue Star) ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ (General Kuldeep Brar) ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindranwale) ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਜਨਰਲ ਬਰਾੜ ਨੇ ਕਿਹਾ, "ਭਿੰਡਰਾਂਵਾਲਾ ਨੂੰ ਇੰਦਰਾ ਗਾਂਧੀ ਦੀ ਸ਼ਹਿ ਮਿਲੀ ਹੋਈ ਸੀ, ਜਿਸ ਕਾਰਨ ਉਸ ਨੂੰ ਰੋਕਣ ਵਿੱਚ ਦੇਰੀ ਹੋਈ।" ਜਨਰਲ ਬਰਾੜ ਨੇ ਇਹ ਦਾਅਵਾ ਇੱਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੰਦੇ ਹੋਏ ਕੀਤਾ।
ਇਸ ਦੇ ਨਾਲ ਹੀ ਜਨਰਲ ਬਰਾੜ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੀ। ਕੱਟੜਪੰਥੀ ਵਿਚਾਰਧਾਰਾ ਕਾਰਨ ਭਿੰਡਰਾਂਵਾਲ ਦਾ ਰੁਤਬਾ ਵੀ ਦਿਨੋ ਦਿਨ ਵਧਦਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਕਾਰਨ ਭਿੰਡਰਾਂਵਾਲਾ ਨੇ ਗਰਮ ਖਿਆਲੀ ਸਿੱਖਾਂ ਤੇ ਪੰਜਾਬ ਵਿੱਚ ਚੰਗਾ ਆਧਾਰ ਬਣਾ ਲਿਆ ਸੀ।
ਜਨਰਲ ਨੇ ਅੱਗੇ ਕਿਹਾ ਕਿ 1980 ਤੱਕ ਪੰਜਾਬ ਦੇ ਹਾਲਾਤ ਆਮ ਵਾਂਗ ਸਨ ਪਰ 1981 ਤੋਂ 1984 ਤੱਕ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਵਿਗੜ ਗਿਆ ਸੀ। ਇੱਥੇ ਲੋਕ ਲਾਅ ਐਂਡ ਆਰਡਰ ਨੂੰ ਤਾਕ 'ਤੇ ਰੱਖ ਕੇ ਲੁੱਟ-ਖੋਹ, ਕਤਲ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਜਨਰਲ ਬਰਾੜ ਨੇ ਕਿਹਾ ਕਿ ਖਾਲਿਸਤਾਨ ਦੀ ਵਧਦੀ ਮੰਗ ਨੂੰ ਦੇਖਦਿਆਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਮਲੇ ਦੇ ਹੁਕਮ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਮੈਨੂੰ ਅਪਰੇਸ਼ਨ ਬਲੂ ਸਟਾਰ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਮੈਨੂੰ ਚੁਣਨ ਵੇਲੇ ਇਹ ਨਹੀਂ ਦੇਖਿਆ ਕਿ ਮੈਂ ਸਿੱਖ ਹਾਂ ਜਾਂ ਹਿੰਦੂ ਜਾਂ ਪਾਰਸੀ। ਮੈਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਮੈਂ ਇੱਕ ਸਿਪਾਹੀ ਹਾਂ। ਅੱਜ ਵੀ ਮੈਨੂੰ ਇਸ ਅਪਰੇਸ਼ਨ ਦਾ ਕੋਈ ਪਛਤਾਵਾ ਨਹੀਂ ਹੈ।
ਜਨਰਲ ਬਰਾੜ ਨੇ ਦੱਸਿਆ ਕਿ 1984 ਤੱਕ ਭਿੰਡਰਾਂਵਾਲਾ ਬਹੁਤ ਨਾਮ ਕਮਾ ਚੁੱਕਾ ਸੀ। ਉਸ ਨੇ ਆਪਣਾ ਰੁਤਬਾ ਬਣਾ ਲਿਆ ਸੀ। ਪੰਜਾਬ ਪੁਲਿਸ ਹੋਵੇ ਜਾਂ ਜ਼ਿਲ੍ਹਾ ਪ੍ਰਸ਼ਾਸਨ... ਸਭ ਉਸ ਤੋਂ ਡਰਦੇ ਸਨ ਤੇ ਉਸ ਵੱਲੋਂ ਦਿੱਤੇ ਹਰ ਹੁਕਮ ਨੂੰ ਮੰਨਦੇ ਸਨ। ਉਨ੍ਹਾਂ ਦੱਸਿਆ ਕਿ ਬਲਿਊ ਸਟਾਰ ਅਪਰੇਸ਼ਨ ਵਿੱਚ ਪੁਲਿਸ ਸ਼ਾਮਲ ਨਹੀਂ ਸੀ। ਇਸ ਵਿੱਚ ਸਿਰਫ਼ ਫ਼ੌਜ ਸੀ।
ਦਰਅਸਲ 1984 ਵਿੱਚ ਬਲੂ ਸਟਾਰ ਅਪਰੇਸ਼ਨ ਜਨਰਲ ਬਰਾੜ ਦੀ ਅਗਵਾਈ ਵਿੱਚ ਚਲਾਇਆ ਗਿਆ ਸੀ। ਫ਼ੌਜ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਕੇ ਕਾਰਵਾਈ ਕੀਤੀ ਸੀ। ਇਸ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ।