ਡੇਅਰੀ ਦੀ ਆੜ 'ਚ ਅਫੀਮ ਦੀ ਤਸਕਰੀ, ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਸਪਲਾਈ
ਐਸਟੀਐਫ ਅੰਮ੍ਰਿਤਸਰ ਦੀ ਟੀਮ ਨੇ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਵਿੱਚ ਇੱਕ ਤਸਕਰ ਨੂੰ ਸਾਢੇ ਛੇ ਕਿੱਲੋ ਅਫੀਮ ਤੇ ਕਰੀਬ ਸਵਾ ਲੱਖ ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਹੈ।

ਅੰਮ੍ਰਿਤਸਰ: ਐਸਟੀਐਫ ਅੰਮ੍ਰਿਤਸਰ ਦੀ ਟੀਮ ਨੇ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਵਿੱਚ ਇੱਕ ਤਸਕਰ ਨੂੰ ਸਾਢੇ ਛੇ ਕਿੱਲੋ ਅਫੀਮ ਤੇ ਕਰੀਬ ਸਵਾ ਲੱਖ ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਕੇ ਬਲਕਾਰ ਸਿੰਘ ਬੱਲਾ ਵਾਸੀ ਜਸਵੀਰ ਨਗਰ ਅੰਮ੍ਰਿਤਸਰ ਦੁੱਧ ਦੀ ਡੇਅਰੀ ਦਾ ਕੰਮ ਵਿਖਾਵੇ ਦੇ ਤੌਰ 'ਤੇ ਕਰਦਾ ਸੀ। ਅਸਲ 'ਚ ਰਾਜਸਥਾਨ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਭਾਰੀ ਮਾਤਰਾ 'ਚ ਅਫੀਮ ਦੀ ਸਮਗਲਿੰਗ ਕਰ ਅੰਮ੍ਰਿਤਸਰ ਤੇ ਆਸ ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਦਾ ਸੀ।
ਐਸਟੀਐਫ ਦੀ ਟੀਮ ਨੇ ਦਬੁਰਜੀ ਲਿੰਕ ਰੋਡ ਸੁਲਤਾਨਪੁਰ ਤੋਂ ਬਲਕਾਰ ਸਿੰਘ ਨੂੰ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ। ਇਸ ਕੋਲੋਂ ਮੌਕੇ 'ਤੇ ਡੇਢ ਕਿੱਲੋ ਅਫ਼ੀਮ ਬਰਾਮਦ ਕੀਤੀ। ਇੰਨਾ ਹੀ ਨਹੀਂ ਉਸ ਦੇ ਘਰ ਦੀ ਤਲਾਸ਼ੀ ਲੈਣ ‘ਤੇ ਘਰੋਂ ਵੀ ਅਫੀਮ ਤੇ ਸਵਾ ਲੱਖ ਰੁਪਏ ਦੇ ਨਾਲ ਸਾਢੇ ਛੇ ਕਿਲੋ ਅਫੀਮ ਹੋਰ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






















