ਮੁੱਖ ਮੰਤਰੀ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤੋਂ ਵਿਰੋਧੀ ਬੇਚੈਨ, ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ : ਮਲਵਿੰਦਰ ਸਿੰਘ ਕੰਗ
ਆਪ' ਆਗੂ ਨੇ ਕਿਹਾ, ''ਕਾਂਗਰਸੀ ਆਗੂ ਨੇ ਆਪਣੇ ਭ੍ਰਿਸ਼ਟ ਸਾਥੀ ਧਰਮਸੋਤ ਦੀ ਗ੍ਰਿਫ਼ਤਾਰੀ ਖਿਲਾਫ਼ ਹੰਗਾਮਾ ਕੀਤਾ ਅਤੇ ਇਹ ਸਭ ਹੋਰ ਭ੍ਰਿਸ਼ਟ ਆਗੂਆਂ ਦੀ ਢਾਲ ਬਣਨ ਲਈ ਕੀਤਾ ਗਿਆ ਹੈ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ ਅੱਗੇ ਕਾਂਗਰਸ ਵੱਲੋਂ ਹੰਗਾਮਾ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ ਲਾਇਆ ਕਿ ਕਾਂਗਰਸ ਆਪਣੇ ਭ੍ਰਿਸ਼ਟ ਆਗੂਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਤਰਲੋ ਮੱਛੀ ਹੋ ਰਹੀ ਹੈ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ 'ਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਦੋਸ਼ ਲਾਉਂਦਿਆਂ 'ਆਪ' ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭ੍ਰਿਸ਼ਟਾਚਾਰੀਆਂ ਦੇ ਹੱਕ 'ਚ ਅੱਜ ਮੁੱਖ ਮੰਤਰੀ ਦੇ ਘਰ ਅੱਗੇ ਹੰਗਾਮਾ ਕੀਤਾ ਹੈ।
ਕੰਗ ਨੇ ਕਾਂਗਰਸੀ ਆਗੂਆਂ ਦੇ ਝੂਠ ਦਾ ਖੰਡਨ ਕਰਦਿਆਂ ਦੱਸਿਆ ਕਿ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਦਾ ਕੋਈ ਸਮਾਂ ਨਹੀਂ ਲਿਆ ਸੀ ਅਤੇ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਕਾਂਗਰਸੀ ਆਗੂ ਮੁੱਖ ਮੰਤਰੀ ਦੀ ਰਿਹਾਇਸ ਅੱਗੇ ਹੰਗਾਮਾ ਕਰਨ ਆ ਗਏ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦਾ ਹੰਗਾਮਾ ਇਸ ਤਰ੍ਹਾਂ ਜਿਵੇਂ 'ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ' ਕਿਉਂਕਿ ਮਾਨ ਸਰਕਾਰ ਵੱਲੋਂ ਭ੍ਰਿਸ਼ਟ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਹੁਣ ਕਾਂਗਰਸੀ ਆਗੂ ਡਰੇ ਹੋਏ ਹਨ। ਮੁੱਖ ਮੰਤਰੀ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤੋਂ ਵਿਰੋਧੀ ਬੇਚੈਨ ਹੋ ਗਏ ਹਨ।
'ਆਪ' ਆਗੂ ਨੇ ਕਿਹਾ, ''ਕਾਂਗਰਸੀ ਆਗੂ ਨੇ ਆਪਣੇ ਭ੍ਰਿਸ਼ਟ ਸਾਥੀ ਧਰਮਸੋਤ ਦੀ ਗ੍ਰਿਫ਼ਤਾਰੀ ਖਿਲਾਫ਼ ਹੰਗਾਮਾ ਕੀਤਾ ਅਤੇ ਇਹ ਸਭ ਹੋਰ ਭ੍ਰਿਸ਼ਟ ਆਗੂਆਂ ਦੀ ਢਾਲ ਬਣਨ ਲਈ ਕੀਤਾ ਗਿਆ ਹੈ, ਜਿਨ੍ਹਾਂ ਨੇ ਕਾਂਗਰਸ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਕਰਕੇ ਪੰਜਾਬ ਨੂੰ ਲੁੱਟਿਆ ਸੀ। ਪ੍ਰੰਤੂ ਹੁਣ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਨਿਰਣਾਇਕ ਫ਼ੈਸਲੇ ਕਰਨ ਵਾਲੀ 'ਆਪ' ਦੀ ਸਰਕਾਰ ਬਣ ਗਈ ਹੈ, ਜਿਹੜੀ ਗਲਤ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ੇਗੀ ਨਹੀਂ।''
ਮਲਵਿੰਦਰ ਸਿੰਘ ਕੰਗ ਨੇ ਮੁੱੜ ਦੁਹਰਾਇਆ ਕਿ 'ਆਪ' ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਜਾਰੀ ਰਹੇਗੀ ਅਤੇ ਕਾਂਗਰਸ ਦਾ ਇਹ ਰਾਜਨੀਤਿਕ ਡਰਾਮਾ ਭ੍ਰਿਸ਼ਟਾਚਾਰ ਅਤੇ ਮਾਫੀਆ ਗਠਜੋੜ ਨੂੰ ਤੋੜਨ ਤੋਂ ਡਰਾ ਨਹੀਂ ਸਕੇਗਾ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਇਮਾਨਦਾਰੀ ਨਾਲ ਸੂਬੇ ਦੀ ਵਿਵਸਥਾ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ ਤਾਂ ਜੋ ਸੂਬੇ ਨੂੰ ਮੁੜ ਤੋਂ 'ਰੰਗਲਾ ਪੰਜਾਬ' ਬਣਾਇਆ ਜਾ ਸਕੇ।