Pakistani Drone in India : ਗੁਰਦਾਸਪੁਰ 'ਚ ਦਿਖਿਆ ਪਾਕਿਸਤਾਨੀ ਡਰੋਨ , BSF ਜਵਾਨਾਂ ਨੇ ਕੀਤੀ ਫਾਇਰਿੰਗ, ਸਰਚ ਆਪਰੇਸ਼ਨ ਜਾਰੀ
Pakistani Drone Seen Inside Indian Territory : ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ ਨੇੜੇ ਕਰੀਬ 250 ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ ਹੈ।

Pakistani Drone Seen Inside Indian Territory : ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ ਨੇੜੇ ਕਰੀਬ 250 ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਡਰੋਨ (Pakistani Drone) ਭਾਰਤੀ ਖੇਤਰ ਵਿੱਚ ਦੇਖਿਆ ਗਿਆ। ਜਦੋਂ ਭਾਰਤੀ ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਵਾਪਸ ਪਾਕਿਸਤਾਨੀ ਖੇਤਰ ਵਿੱਚ ਚਲਾ ਗਿਆ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨ ਕਰੀਬ 15 ਸਕਿੰਟ ਤੱਕ ਭਾਰਤੀ ਖੇਤਰ ਵਿੱਚ ਰਿਹਾ। ਬਾਰਡਰ 'ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਕਰੀਬ 40 ਰਾਉਂਡ ਫਾਇਰ ਕੀਤੇ ਅਤੇ ਰੋਸ਼ਨੀ ਲਈ ਛੇ ਬੰਬ ਸੁੱਟੇ। ਇਸ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵੱਲ ਵਾਪਸ ਚਲਾ ਗਿਆ। ਭਾਰਤ ਦੇ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇੱਕ ਇਲਾਕਾ ਹੈ। ਇਸ ਇਲਾਕੇ 'ਚ ਪਾਕਿਸਤਾਨ ਵਾਲੇ ਪਾਸਿਓਂ ਅਕਸਰ ਘੁਸਪੈਠ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਡਰੋਨਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੀਤੀ ਜਾਂਦੀ ਹੈ
ਗੁਰਦਾਸਪੁਰ 'ਚ ਨਹੀਂ ਰੁਕ ਰਹੀਆਂ ਪਾਕਿ ਡਰੋਨ ਦੀਆਂ ਸ਼ੱਕੀ ਗਤੀਵਿਧੀਆਂ
ਬੀਐਸਐਫ ਦੇ ਜਵਾਨਾਂ ਨੇ 14 ਅਕਤੂਬਰ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੀ ਸ਼ਾਹਪੁਰ ਬਾਰਡਰ ਆਊਟ ਪੋਸਟ 'ਤੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਸੀ। ਗੁਰਦਾਸਪੁਰ 'ਚ ਬੀਐਸਐਫ ਦੀ 73ਵੀਂ ਬਟਾਲੀਅਨ ਨੇ ਦੇਖਦੇ ਹੀ ਦੇਖਦੇ ਡਰੋਨ ਨੂੰ ਨਿਸ਼ਾਨਾ ਬਣਾਇਆ ਸੀ। 17 ਰਾਊਂਡ ਫਾਇਰਿੰਗ ਤੋਂ ਬਾਅਦ ਡਰੋਨ ਡਿੱਗ ਗਿਆ। ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਗੁਰਦਾਸਪੁਰ 'ਚ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ।
ਫਾਜ਼ਿਲਕਾ 'ਚ ਤਿੰਨ ਦਿਨ ਪਹਿਲਾਂ ਪਾਕਿ ਡਰੋਨ ਨੇ ਸੁੱਟੀ ਸੀ ਹੈਰੋਇਨ
14-15 ਦਸੰਬਰ ਦੀ ਦਰਮਿਆਨੀ ਰਾਤ ਨੂੰ ਬੀਐਸਐਫ ਜਵਾਨਾਂ ਨੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਸੀ। ਤਲਾਸ਼ੀ ਮੁਹਿੰਮ ਦੌਰਾਨ ਪਿੰਡ ਬਾਰੀਕੇ ਨੇੜਿਓਂ ਇੱਕ ਸ਼ੱਕੀ ਹੈਰੋਇਨ ਦਾ ਪੈਕਟ ਬਰਾਮਦ ਹੋਇਆ। ਪੈਕੇਟ 'ਚ ਕਰੀਬ 2.650 ਕਿਲੋ ਸ਼ੱਕੀ ਹੈਰੋਇਨ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਬੀਐਸਐਫ ਨੇ ਪਿਛਲੇ ਮਹੀਨੇ ਅੰਮ੍ਰਿਤਸਰ ਵਿੱਚ ਗਿਰਾਇਆ ਸੀ ਪਾਕਿ ਡਰੋਨ
29 ਨਵੰਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਚਾਹਰਪੁਰ ਵਿੱਚ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਸੀ। ਇਸ ਵਿੱਚ ਚਿੱਟੇ ਰੰਗ ਦੇ ਪੋਲੀਥੀਨ ਵਿੱਚ ਸ਼ੱਕੀ ਪਦਾਰਥ ਪਾਇਆ ਗਿਆ। ਗੁਰਦਾਸਪੁਰ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਹੈਕਸਾਕਾਪਟਰ ਨੂੰ ਗੋਲੀ ਮਾਰਨ ਵਾਲੇ ਜਵਾਨਾਂ ਨੂੰ ਵਧਾਈ ਦਿੱਤੀ ਸੀ।
ਪਾਕਿ ਡਰੋਨ ਦੀਆਂ ਸ਼ੱਕੀ ਗਤੀਵਿਧੀਆਂ ਵਿੱਚ ਵਾਧਾ
ਰਿਪੋਰਟਾਂ ਮੁਤਾਬਕ ਪਿਛਲੇ ਸਾਲ (2021) ਦੇ ਮੁਕਾਬਲੇ ਇਸ ਸਾਲ (2022) ਵਿਚ ਭਾਰਤੀ ਖੇਤਰ ਵਿਚ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਡਰੋਨਾਂ ਦੀਆਂ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ। ਨਵੰਬਰ ਤੱਕ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਭਾਰਤੀ ਖੇਤਰ ਵਿੱਚ 250 ਤੋਂ ਵੱਧ ਪਾਕਿਸਤਾਨੀ ਡਰੋਨ ਦੇਖੇ ਗਏ ਸਨ। 2021 ਵਿੱਚ ਇਹ ਅੰਕੜਾ 104 ਸੀ। ਇਸ ਤੋਂ ਪਹਿਲਾਂ 2020 ਵਿੱਚ 77 ਪਾਕਿਸਤਾਨੀ ਡਰੋਨ ਦੇਖੇ ਗਏ ਸਨ।






















