Panchayat Election: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇੱਕ ਪਾਸੇ ਜਿੱਥੇ ਧੜੇਬੰਦੀ ਕਰਕੇ ਝਗੜਿਆਂ ਤੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਹੀ ਸਰਪੰਚੀ ਦੀ ਬੋਲੀ ਵੀ ਲੱਗ ਰਹੀ ਹੈ
Panchayat Election Punjab: ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇੱਕ ਪਾਸੇ ਜਿੱਥੇ ਧੜੇਬੰਦੀ ਕਰਕੇ ਝਗੜਿਆਂ ਤੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਹੀ ਸਰਪੰਚੀ ਦੀ ਬੋਲੀ ਵੀ ਲੱਗ ਰਹੀ ਹੈ। ਇਸ ਵਾਰ ਸਰਪੰਚੀ ਲਈ ਸਭ ਵੱਧ ਬੋਲੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਲੱਗੀ ਹੈ। ਮਾਝੇ ਵਾਲਿਆਂ ਨੇ ਸਰਪੰਚੀ ਲਈ ਦੋ ਕਰੋੜ ਦੀ ਬੋਲੀ ਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਾਈ ਗਈ ਸੀ। ਹੈਰਾਨੀ ਇਹ ਹੈ ਕਿ ਅਜੇ ਵੀ ਇਸ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਭਾਵ ਅੱਜ ਵੀ ਬੋਲੀ ਜਾਰੀ ਰਹੇਗੀ ਤੇ ਇਹ ਇਸ ਤੋਂ ਵੀ ਉੱਤੇ ਜਾ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ, ਸਕੂਲ-ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ
ਹਾਸਲ ਜਾਣਕਾਰੀ ਮੁਤਾਬਕ ਭਾਜਪਾ ਆਗੂ ਆਤਮਾ ਸਿੰਘ ਅਨੁਸਾਰ ਇਹ ਬੋਲੀ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੋਲੀ ਵਿੱਚ ਜੋ ਵੀ ਪੈਸਾ ਆਵੇਗਾ, ਉਸ ਨੂੰ ਕਿੱਥੇ ਖਰਚ ਕਰਨਾ ਹੈ, ਇਸ ਦਾ ਫੈਸਲਾ ਪਿੰਡ ਦੀ ਨੌਜਵਾਨ ਸਭਾ ਕਰੇਗੀ। ਜਦੋਂਕਿ ਪੰਚਾਇਤ ਨੂੰ ਦਿੱਤੀ ਜਾਣ ਵਾਲੀ ਗਰਾਂਟ ਵੱਖਰੀ ਹੋਵੇਗੀ।
ਤਿੰਨ ਧਿਰਾਂ ਵਿਚਾਲੇ ਮੁਕਾਬਲਾ
ਇਸ ਵਿੱਚ ਪਿੰਡ ਦੀਆਂ ਤਿੰਨ ਧਿਰਾਂ ਬੋਲੀ ਲਾ ਰਹੀਆਂ ਹਨ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਵੇਗਾ। ਬੋਲੀਕਾਰਾਂ ਵਿੱਚ ਆਤਮਾ ਸਿੰਘ, ਜਸਵਿੰਦਰ ਸਿੰਘ ਬੇਦੀ, ਨਿਰਭੈਰ ਸਿੰਘ ਸ਼ਾਮਲ ਹਨ। ਭਾਜਪਾ ਆਗੂ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਵੱਧ ਬੋਲੀ ਲਗਾਈ ਹੈ।
ਗੁਰਦੁਆਰੇ ਤੋਂ ਬੋਲੀ ਲਾਉਣ ਦਾ ਐਲਾਨ
ਪਿੰਡ ਵਿੱਚ ਸਰਪੰਚ ਦੇ ਅਹੁਦੇ ਦੀ ਬੋਲੀ ਸਬੰਧੀ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਲਈ ਅੱਗੇ ਨਹੀਂ ਆਇਆ।
ਪਹਿਲਾਂ ਭਾਜਪਾ ਨੇਤਾ ਆਤਮਾ ਸਿੰਘ ਨੇ 50 ਲੱਖ ਰੁਪਏ ਦੀ ਬੋਲੀ ਲਗਾਈ। ਉਸ ਦੇ ਮੁਕਾਬਲੇ ਜਸਵਿੰਦਰ ਸਿੰਘ ਨੇ 1 ਕਰੋੜ ਰੁਪਏ ਦੀ ਬੋਲੀ ਲਗਾਈ। ਇਸ ਤੋਂ ਬਾਅਦ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾਈ। ਇਹ ਬੋਲੀ ਅੱਜ ਵੀ ਜਾਰੀ ਰਹੇਗੀ।
ਦੱਸ ਦਈਏ ਕਿ ਇਹ ਗੁਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਹੈ। ਪੰਚਾਇਤ ਕੋਲ 300 ਏਕੜ ਜ਼ਮੀਨ ਹੈ। ਜਦੋਂ ਤੋਂ ਪਿੰਡ ਦੀ ਪੰਚਾਇਤ ਭੰਗ ਹੋਈ ਹੈ, ਉਦੋਂ ਤੋਂ ਹੀ ਪਿੰਡ ਦੀ ਨੌਜਵਾਨ ਸਭਾ (21 ਮੈਂਬਰੀ ਕਮੇਟੀ) ਸਾਰਾ ਪ੍ਰਬੰਧ ਦੇਖ ਰਹੀ ਹੈ। ਨੌਜਵਾਨ ਸਭਾ ਨੇ ਫੈਸਲਾ ਕੀਤਾ ਸੀ ਕਿ ਇਸ ਵਾਰ ਸਰਪੰਚ ਦੇ ਅਹੁਦੇ ਲਈ ਸਭ ਤੋਂ ਵੱਧ ਰਾਸ਼ੀ ਦੇਣ ਵਾਲੇ ਵਿਅਕਤੀ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇਗਾ।
ਆਤਮਾ ਸਿੰਘ ਨੇ ਕਿਹਾ ਕਿ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ। ਉਸ ਦੇ ਪਿਤਾ ਵੀ ਸਰਪੰਚ ਰਹਿ ਚੁੱਕੇ ਹਨ। ਉਨ੍ਹਾਂ ਨੇ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਹਨ। ਇਸ ਵਿੱਚ ਸ਼ਰਤ ਇਹ ਹੈ ਕਿ ਬੋਲੀਕਾਰ ਚੈੱਕ ਬੁੱਕ ਲੈ ਕੇ ਆਵੇਗਾ। ਉਹ ਚੈੱਕ ਬੁੱਕ ਸਭਾ ਕੋਲ ਜਮ੍ਹਾ ਕਰਵਾਉਣੀ ਪਵੇਗੀ। ਬੋਲੀ ਜਿੱਤਦੇ ਹੀ ਪੈਸੇ ਪਿੰਡ ਦੀ ਨੌਜਵਾਨ ਸਭਾ ਦੇ ਖਾਤੇ ਵਿੱਚ ਚਲੇ ਜਾਣਗੇ।