Punjab News: ਸੁਖਬੀਰ ਬਾਦਲ ਨੇ ਲੁੱਟ ਦੀ ਵੀਡੀਓ ਸ਼ੇਅਰ ਕਰਕੇ ਬੋਲਿਆ ਹਮਲਾ, 'ਆਪ' ਦੇ ਰਾਜ 'ਚ ਲੋਕ ਘਰਾਂ ਅੰਦਰ ਵੀ ਨਹੀਂ ਸੁਰੱਖਿਅਤ
ਬਾਦਲ ਨੇ ਕਿਹਾ ਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਨੂੰ ਦਰਸਾਉਂਦਾ ਹੈ। ਹੁਣ ਆਪਣੇ ਘਰਾਂ ਵਿੱਚ ਬੈਠੇ ਲੋਕ ਵੀ ਸੁਰੱਖਿਅਤ ਨਹੀਂ ਹਨ। ਸੱਚਮੁੱਚ ਚਿੰਤਾ ਵਾਲੀ ਗੱਲ!
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਲੁੱਟ ਦੀ ਵੀਡੀਓ ਸ਼ੇਅਰ ਕਰਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਇਸ ਵੀਡੀਓ ਵਿੱਚ ਇੱਕ ਲੁਟੇਰਾ ਸ਼ਰੇਆਮ ਘਰ ਵਿੱਚ ਦਾਖਲ ਹੋ ਕੇ ਔਰਤ ਦੀ ਚੇਨ ਝਪਟ ਕੇ ਦੌੜ ਜਾਂਦਾ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਸੁਖਬੀਰ ਬਾਦਲ ਨੇ ਟਵਿਟਰ ਹੈਂਡਲ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਨੂੰ ਦਰਸਾਉਂਦਾ ਹੈ। ਹੁਣ ਆਪਣੇ ਘਰਾਂ ਵਿੱਚ ਬੈਠੇ ਲੋਕ ਵੀ ਸੁਰੱਖਿਅਤ ਨਹੀਂ ਹਨ। ਸੱਚਮੁੱਚ ਚਿੰਤਾ ਵਾਲੀ ਗੱਲ!
This video shows the complete collapse of law & order in Punjab under the @AamAadmiParty govt. Now people sitting in their homes are not safe. Really worrisome! pic.twitter.com/SatYrbWmeF
— Sukhbir Singh Badal (@officeofssbadal) December 6, 2022
ਦੱਸ ਦਈਏ ਕਿ ਇਹ ਵੀਡੀਓ ਪਟਿਆਲਾ ਸ਼ਹਿਰ ਦੀ ਹੈ। ਇੱਥੇ ਸ਼ਹਿਰ ਵਿਚਲੇ ਸੈਂਚਰੀ ਐਨਕਲੇਵ ’ਚ ਇੱਕ ਨੌਜਵਾਨ ਨੇ ਮਹਿਲਾ ਦੀ ਤਿੰਨ ਤੋਲੇ ਦੀ ਸੋਨੇ ਦੀ ਚੇਨ ਝਪਟ ਲਈ ਤੇ ਫਰਾਰ ਹੋ ਗਿਆ।ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਨੂੰ ਝਪਟਮਾਰ ਨੇ ਬੜੇ ਨਾਟਕੀ ਢੰਗ ਨਾਲ ਅੰਜਾਮ ਦਿੱਤਾ। ਜਦੋਂ ਉਹ ਕੋਠੀ ਨੰਬਰ 55 ਬੀ ’ਚ ਦਾਖਲ ਹੋਇਆ ਤਾਂ ਜਸਬੀਰ ਕੌਰ ਨਾਮਕ ਮਹਿਲਾ ਆਪਣੇ ਆਪਣੀਆਂ ਪੋਤੀਆਂ ਨਾਲ ਵਿਹੜੇ ’ਚ ਬੈਠੀ ਧੁੱਪ ਸੇਕ ਰਹੀ ਸੀ। ਘਰ ’ਚ ਦਾਖ਼ਲ ਹੋਣ ਮਗਰੋਂ ਉਸ ਨੇ ਪਰਿਵਾਰ ਦੇ ਕਿਸੇ ਜਾਣਕਾਰ ਵੱਲੋਂ ਭੇਜਿਆ ਹੋਣ ਦਾ ਹਵਾਲਾ ਦਿੰਦਿਆਂ ਪੈਰੀਂ ਹੱਥ ਲਗਾ ਕੇ ਗੱਲ ਸ਼ੁਰੂ ਕੀਤੀ ਤੇ ਕੋਠੀ ’ਚ ਲਾਏ ਪੱਥਰ ਬਾਰੇ ਪੁੱਛਣ ਲੱਗਿਆ।
ਇਸ ’ਤੇ ਜਸਵੀਰ ਕੌਰ ਨੇ ਜਿਉਂ ਹੀ ਨਿਗਾਹ ਦੂਜੇ ਪਾਸੇ ਕੀਤੀ, ਤਾਂ ਫੁਰਤੀ ਨਾਲ ਉਹ ਸੋਨੇ ਦੀ ਚੇਨੀ ਝਪਟ ਕੇ ਫਰਾਰ ਹੋ ਗਿਆ। ਰੌਲ਼ਾ ਪਾਉਣ ’ਤੇ ਭਾਵੇਂ ਅੰਦਰ ਬੈਠੇ ਪੁਰਸ਼ ਮੈਂਬਰ ਵੀ ਵਿਹੜੇ ’ਚ ਆ ਗਏ ਸਨ, ਪਰ ਉਦੋਂ ਤੱਕ ਝਪਟਮਾਰ ਕੋਠੀ ਦੇ ਬਾਹਰ ਖੜ੍ਹੇ ਆਪਣੀ ਸਾਥੀ ਦੇ ਨਾਲ਼ ਮੋਟਰਸਾਈਕਲ ’ਤੇ ਫਰਾਰ ਹੋ ਗਿਆ।
ਇਹ ਘਟਨਾ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ। ਪਰਿਵਾਰ ਵੱਲੋਂ ਪੁਲਿਸ ਦੀ ਸਹਿਮਤੀ ਨਾਲ਼ ਇਹ ਵੀਡੀਓ ਵਾਇਰਲ ਵੀ ਕਰ ਦਿੱਤੀ ਗਈ। ਥਾਣਾ ਸਿਵਲ ਲਾਈਨ ਦੇ ਮੁਖੀ ਜਸਪ੍ਰੀਤ ਸਿੰਘ ਕਾਹਲ਼ੋਂ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।