Veer Bal Diwas ਸਮਾਗਮਾਂ 'ਚ ਸਾਹਿਬਜ਼ਾਦਿਆਂ ਦਾ ਕਿਰਦਾਰ ਨਿਭਾਉਣ ਦੇ ਮਾਮਲਿਆ 'ਤੇ SGPC ਨੇ ਮੰਗਿਆ ਸਪੱਸ਼ਟੀਕਰਨ
Veer Bal Diwas: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸਿਧਾਂਤਾਂ, ਰਵਾਇਤਾਂ, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾ ਨੂੰ ਸੱਟ ਮਾਰਦੀ ਹੈ ਅਤੇ ਹਾਲ ਹੀ ਵਿੱਚ ਕੇਂਦਰ
Veer Bal Diwas:
ਅੰਮ੍ਰਿਤਸਰ - ਭਾਰਤ ਸਰਕਾਰ ਵੱਲੋਂ ਐਲਾਨੇ ਵੀਰ ਬਾਲ ਦਿਵਸ ਸਮਾਗਮਾਂ ਤਹਿਤ ਵੱਖ-ਵੱਖ ਸਕੂਲਾਂ ਵਿੱਚ ਸਾਹਿਬਜ਼ਾਦਿਆਂ ਦਾ ਕਿਰਦਾਰ ਬੱਚਿਆਂ ਪਾਸੋਂ ਨਾਟਕੀ ਰੂਪ ਵਿੱਚ ਪੇਸ਼ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੜਾ ਨੋਟਿਸ ਲਿਆ ਹੈ। ਇਸ ਨੂੰ ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਵਿਰੁੱਧ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਸਿੱਖਿਆ, ਸੱਭਿਆਚਾਰ ਤੇ ਘੱਟ ਗਿਣਤੀ ਮਾਮਲੇ ਮੰਤਰਾਲਿਆਂ ਸਮੇਤ ਸੀਬੀਐੱਸਈ ਪਾਸੋਂ ਇਸ ਬਾਰੇ ਸਪਸ਼ਟੀਕਰਨ ਮੰਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਜਿਹੀ ਕਿਸੇ ਵੀ ਸਿੱਖ-ਵਿਰੋਧੀ ਹਰਕਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸਿਧਾਂਤਾਂ, ਰਵਾਇਤਾਂ, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾ ਨੂੰ ਸੱਟ ਮਾਰਦੀ ਹੈ ਅਤੇ ਹਾਲ ਹੀ ਵਿੱਚ ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਸਬੰਧੀ ਨਿਰਦੇਸ਼ਾਂ ਤਹਿਤ ਵੱਖ-ਵੱਖ ਸੂਬਿਆਂ ਅੰਦਰ ਵਿਦਿਅਕ ਅਦਾਰਿਆਂ ਵਿੱਚ ਸਾਹਿਬਜ਼ਾਦਿਆਂ ਦੇ ਕਿਰਦਾਰ ਨਿਭਾਉਣ ਦੀਆਂ ਸਾਹਮਣੇ ਆਈਆਂ ਹਰਕਤਾਂ ਬਾਰੇ ਸਿੱਖ ਸੰਗਤ ਵੱਲੋਂ ਵੱਡੇ ਇਤਰਾਜ਼ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਨੂੰ ਰਲਗਡ ਕਰਨ ਵਾਲੀਆਂ ਇਨ੍ਹਾਂ ਹਰਕਤਾਂ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਕੇਂਦਰੀ ਮੰਤਰਾਲਿਆਂ ਤੇ ਸੀਬੀਐੱਸਈ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਵੀਰ ਬਾਲ ਦਿਵਸ ਸਬੰਧੀ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਕੇਂਦਰ ਸਰਕਾਰ ਨੂੰ ਇਸ ਦਿਹਾੜੇ ਦਾ ਨਾਮ ਬਦਲਣ ਲਈ ਲਿਖਿਆ ਗਿਆ ਸੀ, ਪਰ ਸਰਕਾਰ ਨੇ ਇਸ ਨੂੰ ਅੱਜ ਤੱਕ ਗੰਭੀਰਤਾ ਨਾਲ ਨਹੀਂ ਲਿਆ।
ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਦਾ ਜੋ ਖਦਸ਼ਾ ਸੀ ਉਸੇ ਦਾ ਹੀ ਨਤੀਜਾ ਹੈ ਕਿ ਸਿੱਖ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਹੁਣ ਸਾਹਿਬਜ਼ਾਦਿਆਂ ਦੇ ਕਿਰਦਾਰ ਬੱਚਿਆਂ ਪਾਸੋਂ ਕਰਵਾਉਣ ਦੀ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਿੱਖ ਵਿਰੋਧੀ ਵਰਤਾਰੇ ਦੀ ਜਿੰਮੇਵਾਰੀ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਦੀ ਬਣਦੀ ਹੈ। ਅਜਿਹੀਆਂ ਕਾਰਵਾਈਆਂ ਨੂੰ ਸਿੱਖ ਜਗਤ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ ਅਤੇ ਸਾਹਿਬਜ਼ਾਦਿਆਂ ਦੇ ਕਿਰਦਾਰ ਕਰਵਾਉਣ ਵਾਲੇ ਵਿਦਿਅਕ ਅਦਾਰਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।