ਪੰਜਾਬ ਦੀਆਂ 10 ਪੰਚਾਇਤਾਂ ਕੌਮੀ ਪੱਧਰ 'ਤੇ ਛਾਈਆਂ, ਪੀਐਮ ਮੋਦੀ ਦੇਣਗੇ ਨੈਸ਼ਨਲ ਐਵਾਰਡ
ਪੰਜਾਬ ਦੀਆਂ 10 ਪੰਚਾਇਤਾਂ ਨੇ ਕੌਮੀ ਪੱਧਰ ਉੱਪਰ ਮਾਅਰਕਾ ਮਾਰਿਆ ਹੈ। ਇਨ੍ਹਾਂ ਪੰਚਾਇਤਾਂ ਨੇ ਕੌਮੀ ਐਵਾਰਡ ਜਿੱਤੇ ਹਨ। ਇਨ੍ਹਾਂ ਐਵਾਰਡਾਂ ਦਾ ਐਲਾਨ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੀਆਂ 10 ਪੰਚਾਇਤਾਂ ਨੇ ਕੌਮੀ ਪੱਧਰ ਉੱਪਰ ਮਾਅਰਕਾ ਮਾਰਿਆ ਹੈ। ਇਨ੍ਹਾਂ ਪੰਚਾਇਤਾਂ ਨੇ ਕੌਮੀ ਐਵਾਰਡ ਜਿੱਤੇ ਹਨ। ਇਨ੍ਹਾਂ ਐਵਾਰਡਾਂ ਦਾ ਐਲਾਨ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੀਤਾ ਹੈ। ਕੌਮੀ ਐਵਾਰਡਾਂ ਦੀ ਸੂਚੀ ਵਿੱਚ ਵਿੱਚ ਐਤਕੀ ਪੰਜਾਬ ਦੀਆਂ 10 ਪੰਚਾਇਤਾਂ ਸ਼ਾਮਲ ਹਨ। ਇਹ ਐਵਾਰਡ ਪੰਚਾਇਤ ਦਿਵਸ ’ਤੇ 24 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ।
ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੌਮੀ ਐਵਾਰਡ ਐਲਾਨ ਦਿੱਤੇ ਹਨ, ਜਿਨ੍ਹਾਂ ਵਿੱਚ ਐਤਕੀ ਪੰਜਾਬ ਦੀਆਂ ਦਸ ਪੰਚਾਇਤਾਂ ਦੀ ਝੋਲੀ ਕੌਮੀ ਪੁਰਸਕਾਰ ਪਏ ਹਨ। ਕੇਂਦਰੀ ਮੰਤਰਾਲੇ ਨੇ ਵਰ੍ਹਾ 2020-21 ਦੇ ਮੁਲਾਂਕਣ ਦੇ ਆਧਾਰ ’ਤੇ ਇਨ੍ਹਾਂ ਪੁਰਸਕਾਰਾਂ ਦੀ ਚੋਣ ਕੀਤੀ ਹੈ। ਐਲਾਨੀ ਸੂਚੀ ਅਨੁਸਾਰ ਕਪੂਰਥਲਾ ਤੇ ਮਾਛੀਵਾੜਾ ਬਲਾਕ ਦੀ ਚੋਣ ਵੀ ਕੌਮੀ ਐਵਾਰਡ ਲਈ ਹੋਈ ਹੈ। ਪੰਜਾਬ ਦੇ ਮੌੜ ਤੇ ਢਿੱਲਵਾਂ ਬਲਾਕ ਵਿੱਚ ਇੱਕੋ ਸਮੇਂ ਦੋ-ਦੋ ਕੌਮੀ ਐਵਾਰਡ ਝੋਲੀ ਪਏ ਹਨ।
ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵੱਲੋਂ ਜਾਰੀ ਸੂਚੀ ਮੁਤਾਬਕ ਬਲਾਕ ਮੌੜ ਦੀ ਰਾਏਖਾਨਾ ਗ੍ਰਾਮ ਪੰਚਾਇਤ, ਮਾਛੀਵਾੜਾ ਦੀ ਰੋਹਲੇ ਪੰਚਾਇਤ, ਮਾਜਰੀ ਦੀ ਨੰਗਲ ਗੜ੍ਹੀਆਂ, ਲਹਿਰਾਗਾਗਾ ਦੀ ਭੁਟਾਲ ਕਲਾਂ, ਢਿੱਲਵਾਂ ਬਲਾਕ ਦੀ ਨੂਰਪੁਰ ਜੱਟਾਂ, ਸ਼ਾਹਕੋਟ ਦੀ ਤਲਵੰਡੀ ਸੰਘੇੜਾ ਤੇ ਟਾਂਡਾ ਬਲਾਕ ਦੀ ਦੋਬੁਰਜੀ ਪੰਚਾਇਤ ਦੀ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸ਼ਕਤੀਕਰਨ ਪੁਰਸਕਾਰ’ ਲਈ ਚੋਣ ਹੋਈ ਹੈ।
ਇਸੇ ਤਰ੍ਹਾਂ ਮੌੜ ਬਲਾਕ ਦੀ ਪੰਚਾਇਤ ਮਾਣਕਖਾਨਾ ਨੂੰ ‘ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ’ ਐਲਾਨਿਆ ਗਿਆ ਹੈ। ਇਸ ਪੰਚਾਇਤ ਨੂੰ ਪਹਿਲਾਂ ਵੀ ਇੱਕ ਕੌਮੀ ਪੁਰਸਕਾਰ ਮਿਲ ਚੁੱਕਾ ਹੈ। ‘ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਐਵਾਰਡ’ ਬਲਾਕ ਢਿੱਲਵਾਂ ਦੀ ਪੰਚਾਇਤ ਮਨਸੂਰਵਾਲ ਬੇਟ ਨੂੰ ਐਲਾਨਿਆ ਗਿਆ ਹੈ ਜਦੋਂਕਿ ‘ਨਾਨਾ ਜੀ ਦੇਸ਼ਮੁੱਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ’ ਬਲਾਕ ਸਮਰਾਲਾ ਦੀ ਪੰਚਾਇਤ ਚੇਹਲਾਂ ਨੂੰ ਦਿੱਤਾ ਜਾਣਾ ਹੈ। ਇਹ ਐਵਾਰਡ ਪੰਚਾਇਤ ਦਿਵਸ ’ਤੇ 24 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ।
ਇਹ ਵੀ ਪੜ੍ਹੋ :ਪੰਜਾਬੀਆਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ, ਸਰਕਾਰੀ ਖਜ਼ਾਨੇ 'ਤੇ ਪਏਗਾ 23,300 ਕਰੋੜ ਦਾ ਵਿੱਤੀ ਬੋਝ