ਕਿਸਾਨਾਂ ਨੇ ਰਾਤ ਨੂੰ ਥਾਣਾ ਘੇਰਿਆ, ਡੀਐਸਪੀ ਸਣੇ ਦੋ ਹੋਰ ਪੁਲਿਸ ਮੁਲਾਜ਼ਮ ਜ਼ਖਮੀ
ਬਾਰਡਰ ਏਰੀਆ ਕਿਸਾਨ ਯੂਨੀਅਨ ਵੱਲੋਂ ਰਾਤ ਦੇ ਸਮੇਂ ਥਾਣਾ ਖੇਮਕਰਨ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਭੰਨਤੋੜ ਵੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਫਾਇਰਿੰਗ ਕਰਨੀ ਪਈ।
ਤਰਨ ਤਾਰਨ: ਬਾਰਡਰ ਏਰੀਆ ਕਿਸਾਨ ਯੂਨੀਅਨ ਵੱਲੋਂ ਰਾਤ ਦੇ ਸਮੇਂ ਥਾਣਾ ਖੇਮਕਰਨ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਭੰਨਤੋੜ ਵੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਫਾਇਰਿੰਗ ਕਰਨੀ ਪਈ। ਦੋਵਾਂ ਪਾਸਿਉਂ ਹੋਈ ਪੱਥਰਬਾਜ਼ੀ 'ਚ ਡੀਐਸਪੀ ਕਮਲਪ੍ਰੀਤ ਸਿੰਘ ਮੰਡ, ਇੰਸਪੈਕਟਰ ਬਲਵਿੰਦਰ ਸਿੰਘ ਤੇ ਕਾਂਸਟੇਬਲ ਬਲਵਿੰਦਰ ਸਿੰਘ ਜ਼ਖਮੀ ਹੋ ਗਏ ਤੇ ਅੱਧਾ ਦਰਜਨ ਕਿਸਾਨ ਵੀ ਜ਼ਖ਼ਮੀ ਹੋਏ।
ਗਰੀਬ ਵਰਗ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਗਈ ਹੈ। ਇਸ ਦੇ ਬਦਲੇ ਵਿੱਚ ਸਬੰਧਤ ਅਧਿਕਾਰੀਆਂ 'ਤੇ ਰਿਸ਼ਵਤ ਦੀ ਮੰਗ ਕਰਨ ਦਾ ਦੋਸ਼ ਹੈ। ਇਸ ਦੇ ਚੱਲਦੇ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰੇ ਦੀ ਅਗਵਾਈ ਹੇਠ ਰਾਤ ਨੂੰ ਥਾਣੇ ਦਾ ਘਿਰਾਓ ਕੀਤਾ ਗਿਆ।
ਇਸ ਘਿਰਾਓ ਦੌਰਾਨ ਲੋਕਾਂ ਨੇ ਪੁਲਿਸ ਨਾਲ ਧੱਕਾ ਮੁੱਕੀ ਕੀਤੀ ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਤੇ ਲੋਕਾਂ ਨੇ ਪੁਲਿਸ ਤੇ ਪੱਥਰਬਾਜ਼ੀ ਕੀਤੀ। ਪੁਲਿਸ ਨੇ ਇਸ ਘਟਨਾ ਦੀ ਬਾਬਤ ਤਕਰੀਬਨ ਇੱਕ ਦਰਜਨ ਕਿਸਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।