ਪੰਜਾਬ ਕਾਂਗਰਸ ਦੇ ਇੱਕ ਹੋਰ ਲੀਡਰ 'ਤੇ ਸ਼ਿਕੰਜੇ ਦੀ ਤਿਆਰੀ, ਪੰਚਾਇਤੀ ਫੰਡ ਘੁਟਾਲੇ 'ਚ ਸ਼ਮੂਲੀਅਤ ਦਾ ਖਦਸ਼ਾ
ਵਿਜੀਲੈਂਸ ਨੇ ਬਹੁ-ਕਰੋੜੀ ਪੰਚਾਇਤੀ ਫੰਡ ਘੁਟਾਲੇ ਵਿੱਚ ਕਾਰਵਾਈ ਕਰਦਿਆਂ ਸਰਪੰਚ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਗਰੋਂ ਵਿਜੀਲੈਂਸ ਨੂੰ ਸ਼ੱਕ ਹੈ ਕਿ ਬਹੁ-ਕਰੋੜੀ ਪੰਚਾਇਤੀ ਫੰਡ ਘੁਟਾਲੇ ਵਿੱਚ ਜਲਾਲਪੁਰ ਦੀ ਭੂਮਿਕਾ ਵੀ ਹੋ ਸਕਦੀ ਹੈ।
ਚੰਡੀਗੜ੍ਹ: ਕਾਂਗਰਸ ਦੇ ਇੱਕ ਹੋਰ ਸਾਬਕਾ ਵਿਧਾਇਕ ਖਿਲਾਫ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਚਰਚਾ ਹੈ ਕਿ ਪੰਚਾਇਤੀ ਫੰਡ ਘੁਟਾਲੇ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਵਿਜੀਲੈਂਸ ਬਿਊਰੋ ਨੇ ਪਿਛਲੇ ਦਿਨੀਂ ਪਿੰਡ ਆਕੜੀ ਦੀ ਮਹਿਲਾ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਸੀ।
ਵਿਜੀਲੈਂਸ ਨੇ ਬਹੁ-ਕਰੋੜੀ ਪੰਚਾਇਤੀ ਫੰਡ ਘੁਟਾਲੇ ਵਿੱਚ ਕਾਰਵਾਈ ਕਰਦਿਆਂ ਸਰਪੰਚ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਗਰੋਂ ਵਿਜੀਲੈਂਸ ਨੂੰ ਸ਼ੱਕ ਹੈ ਕਿ ਬਹੁ-ਕਰੋੜੀ ਪੰਚਾਇਤੀ ਫੰਡ ਘੁਟਾਲੇ ਵਿੱਚ ਜਲਾਲਪੁਰ ਦੀ ਭੂਮਿਕਾ ਵੀ ਹੋ ਸਕਦੀ ਹੈ। ਸੂਤਰਾਂ ਮੁਤਾਬਕ ਜਲਾਲਪੁਰ ਇਸ ਸਮੇਂ ਆਸਟ੍ਰੇਲੀਆ ਵਿੱਚ ਹਨ।
ਦਰਅਸਲ ਵਿਜੀਲੈਂਸ ਬਿਊਰੋ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਪੰਚਾਇਤੀ ਫੰਡਾਂ 'ਚ 12.24 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਜਲਾਲਪੁਰ ਰਾਹੀਂ ਹੀ ਪੈਸੇ ਦਾ ਲੈਣ-ਦੇਣ ਹੋਇਆ ਸੀ। ਇਸ ਤੋਂ ਬਾਅਦ ਜਲਾਲਪੁਰ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਧਰ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਵੱਡਾ ਘਪਲਾ ਹੈ। ਇਸ ਵਿੱਚ ਕਈ ਅਫਸਰਾਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ। ਵਿਜੀਲੈਂਸ ਨੇ ਇਸ ਦੀ ਜਾਂਚ ਕੀਤੀ ਹੈ। ਇਸ ਵਿੱਚ ਵਿਧਾਇਕ ਜਲਾਲਪੁਰ ਦੇ ਕਰੀਬੀ ਸਰਪੰਚ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਬਕਾ ਮੰਤਰੀ ਧਰਮਸੋਤ ਦੀਆਂ ਵਧ ਸਕਦੀਆਂ ਮੁਸ਼ਕਲਾਂ, ਇੱਕ ਹੋਰ ਕੇਸ ਦਰਜ ਕਰਨ ਦੀ ਤਿਆਰੀ
ਉਧਰ, ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਉਨ੍ਹਾਂ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਜਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਧਰਮਸੋਤ 'ਤੇ ਚੋਣ ਹਲਫਨਾਮੇ 'ਚ ਜਾਇਦਾਦ ਦੀ ਪੂਰੀ ਜਾਣਕਾਰੀ ਨਾ ਦੇਣ ਦਾ ਇਲਜ਼ਾਮ ਹੈ। ਇਸ ਦਾ ਖੁਲਾਸਾ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਹੋਇਆ ਹੈ। ਇਸ ਵੇਲੇ ਧਰਮਸੋਤ ਜੰਗਲ ਘੁਟਾਲੇ ਵਿੱਚ ਨਾਭਾ ਜੇਲ੍ਹ ਅੰਦਰ ਬੰਦ ਹੈ। ਧਰਮਸੋਤ ਨੇ ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਤਾਂ ਜੋ ਧਰਮਸੋਤ ਹਾਲੇ ਜੇਲ੍ਹ ਤੋਂ ਬਾਹਰ ਨਾ ਆ ਸਕੇ।
ਦਰਅਸਲ ਜੰਗਲ ਘੁਟਾਲੇ ਦੀ ਜਾਂਚ ਵਿੱਚ ਵਿਜੀਲੈਂਸ ਨੇ ਧਰਮਸੋਤ ਦੀ ਜਾਇਦਾਦ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਪਤਾ ਲੱਗਾ ਕਿ ਧਰਮਸੋਤ ਦਾ ਮੋਹਾਲੀ ਦੇ ਸੈਕਟਰ 80 ਵਿੱਚ 500 ਗਜ਼ ਦਾ ਪਲਾਟ ਹੈ। ਇਹ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ’ਤੇ ਹੈ। ਇਸ ਨੂੰ ਮਈ 2021 ਵਿੱਚ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਅਨੁਸਾਰ ਸ਼ੀਲਾ ਦੇਵੀ 31 ਜਨਵਰੀ 2022 ਤੱਕ ਇਸ ਦੀ ਮਾਲਕ ਸੀ। 2 ਮਾਰਚ ਨੂੰ ਇਸ ਨੂੰ ਰਾਜਕੁਮਾਰ ਤੇ ਕਸ਼ਮੀਰ ਸਿੰਘ ਦੇ ਨਾਂ 'ਤੇ ਤਬਦੀਲ ਕਰਨ ਦੀ ਤਜਵੀਜ਼ ਰੱਖੀ ਗਈ ਸੀ।