ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੌਰੇ ‘ਤੇ, ਬਠਿੰਡਾ ਅਤੇ ਮੋਹਾਲੀ ਜਾਣਗੇ, ਇਹ ਰਸਤੇ ਰਹਿਣਗੇ ਬੰਦ, ਨੋ ਫਲਾਇੰਗ ਜ਼ੋਨ ਐਲਾਨਿਆ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੰਗਲਵਾਰ ਨੂੰ ਪੰਜਾਬ ਦੇ ਦੌਰੇ ‘ਤੇ ਹਨ। ਇਸ ਲਈ ਘਰ ਤੋਂ ਨਿਕਲਣ ਤੋਂ ਪਹਿਲਾਂ ਤੁਹਾਨੂੰ ਵੀ ਇਹ ਖਬਰ ਪੜ੍ਹ ਲੈਣੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਪਤਾ ਹੋਵੇ ਕਿਹੜੇ ਰਸਤੇ ਬੰਦ ਅਤੇ ਕਿਹੜੇ ਖੁੱਲ੍ਹੇ ਹੋਏ ਹਨ।

President Droupadi Murmu on Punjab Visit: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੰਗਲਵਾਰ ਨੂੰ ਪੰਜਾਬ ਦੇ ਦੌਰੇ ‘ਤੇ ਹਨ। ਉਹ ਸਭ ਤੋਂ ਪਹਿਲਾਂ ਬਠਿੰਡਾ ਵਿੱਚ ਐਮਜ਼ ਅਤੇ ਸੈਂਟਰਲ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਜਦਕਿ ਸ਼ਾਮ ਨੂੰ ਮੋਹਾਲੀ ਦੇ ਇੰਡਿਅਨ ਸਕੂਲ ਆਫ਼ ਬਿਜ਼ਨਸ ‘ਚ ਉਨ੍ਹਾਂ ਦੇ ਸਨਮਾਨ ਵਿੱਚ ਸਿਵਿਕ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ।
ਰਾਸ਼ਟਰਪਤੀ ਦੇ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਮੋਹਾਲੀ ‘ਚ 5 ਕਿਲੋਮੀਟਰ ਦੇ ਦਾਇਰੇ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਇਸ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਉੱਡਣ ਵਾਲੇ ਆਬਜੈਕਟ ਉਡਾਉਣ ‘ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ, ਮੋਹਾਲੀ ਪੁਲਿਸ ਵੱਲੋਂ ਟ੍ਰੈਫਿਕ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਹੈ।
ਇਹ ਪਹਿਲੀ ਵਾਰ ਹੈ ਕਿ ਕੋਈ ਰਾਸ਼ਟਰਪਤੀ ਪੰਜਾਬ ਰਾਜਭਵਨ ਵਿੱਚ ਦੋ ਦਿਨਾਂ ਲਈ ਰਹਿਣਗੇ। ਉਹ ਕੱਲ੍ਹ ਸ਼ਾਮ ਚੰਡੀਗੜ੍ਹ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਦੌਰੇ ਦੌਰਾਨ ਕੋਈ ਵੀ ਲਾਪਰਵਾਹੀ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਬਠਿੰਡਾ ਅਤੇ ਮੋਹਾਲੀ ਦੇ ਸੀਨੀਅਰ ਅਧਿਕਾਰੀ ਖੁਦ ਸਥਿਤੀ ਸੰਭਾਲ ਰਹੇ ਹਨ। ਇੰਡੀਅਨ ਸਕੂਲ ਆਫ਼ ਬਿਜ਼ਨਸ ‘ਚ ਪਿਛਲੇ ਪੰਦਰਾਂ ਦਿਨਾਂ ਤੋਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।
ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਵੱਲੋਂ ਟਰੈਫਿਕ ਐਡਵਾਈਜ਼ਰੀ ਜਾਰੀ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੌਰੇ ਕਰਕੇ ਮੋਹਾਲੀ ਪੁਲਿਸ ਨੇ ਟਰੈਫਿਕ ਡਾਈਵਰਜ਼ਨ ਪਲਾਨ ਜਾਰੀ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅੱਜ ਯਾਤਰਾ ਦੌਰਾਨ ਹੇਠਲਿਖੇ ਮਾਰਗਾਂ ਦੀ ਵਰਤੋਂ ਕਰਨ, ਤਾਂ ਜੋ VIP ਰੂਟ ਕਰਕੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ।
ਪਟਿਆਲਾ ਤੋਂ ਚੰਡੀਗੜ੍ਹ
➡️ ਪਹਿਲਾ ਮਾਰਗ:
ਪਟਿਆਲਾ → ਰਾਜਪੁਰਾ → ਬਨੂੜ → ਲਾਂਡਰਾਂ → ਗੋਦਰੇਜ ਚੌਕ → ਮਦਨਪੁਰਾ ਚੌਕ
➡️ ਦੂਜਾ ਮਾਰਗ:
ਪਟਿਆਲਾ → ਰਾਜਪੁਰਾ → ਬਨੂੜ → ਛੱਤ ਲਾਈਟਸ → ਜੀਰਕਪੁਰ → ਚੰਡੀਗੜ੍ਹ
➡️ ਜੀਰਕਪੁਰ → ਛੱਤ ਲਾਈਟਸ → ਏਅਰਪੋਰਟ ਚੌਕ → ਲਾਂਡਰਾਂ-ਬਨੂੜ ਰੋਡ → ਖਰੜ
ਖਰੜ ਤੋਂ ਜੀਰਕਪੁਰ
➡️ ਖਰੜ → ਏਅਰਪੋਰਟ ਰੋਡ → CP67 → ਨਾਇਪਰ → ਚੰਡੀਗੜ੍ਹ
ਖਰੜ ਤੋਂ ਅੰਬਾਲਾ
➡️ ਖਰੜ → ਲਾਂਡਰਾਂ → ਦੈੜੀ → ਏਅਰਪੋਰਟ ਚੌਕ → ਛੱਤ ਲਾਈਟਸ → ਡੇਰਾਬੱਸੀ
ਭਾਰਤ ਦੀ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਜਨਤਾ ਨੂੰ ਵਿਸ਼ੇਸ਼ ਪ੍ਰਬੰਧਾਂ ਬਾਰੇ ਸੂਚਿਤ ਕੀਤਾ ਹੈ। ਜਾਰੀ ਸੂਚਨਾ ਅਨੁਸਾਰ 11 ਮਾਰਚ ਨੂੰ ਸਰੋਵਰ ਮਾਰਗ, ਹੀਰਾ ਸਿੰਘ ਚੌਕ (ਸੈਕਟਰ 5/6-7/8) ਤੋਂ ਨਿਊ ਲੇਬਰ ਚੌਕ (ਸੈਕਟਰ 20/21-33/34) ਅਤੇ ਦੱਖਣ ਮਾਰਗ ’ਤੇ, ਨਿਊ ਲੇਬਰ ਚੌਕ (ਸੈਕਟਰ 20/21-33/34) ਤੋਂ ਏਅਰਪੋਰਟ ਲਾਈਟ ਪੁਆਇੰਟ ਤਕ ਸਵੇਰੇ 8:45 ਵਜੇ ਤੋਂ 10:00 ਵਜੇ ਅਤੇ ਸ਼ਾਮ 4:30 ਵਜੇ ਤੋਂ ਸ਼ਾਮ 5:45 ਵਜੇ ਤੱਕ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਰੋਵਰ ਮਾਰਗ, ਹੀਰਾ ਸਿੰਘ ਚੌਕ (ਸੈਕਟਰ 5/6-7/8) ਤੋਂ ਨਿਊ ਲੇਬਰ ਚੌਕ (ਸੈਕਟਰ 20/21-33/34) ਅਤੇ ਦੱਖਣ ਮਾਰਗ ’ਤੇ, ਨਿਊ ਲੇਬਰ ਚੌਕ (ਸੈਕਟਰ 20/21-33/34) ਤੋਂ ਟ੍ਰਿਬਿਊਨ ਚੌਕ ਅਤੇ ਪੂਰਵ ਮਾਰਗ ’ਤੇ, ਟ੍ਰਿਬਿਊਨ ਚੌਕ ਤੋਂ ਫੈਦਾਨ ਬੈਰੀਅਰ ਤਕ ਸ਼ਾਮ 5:45 ਵਜੇ ਤੋਂ 8:00 ਵਜੇ ਤਕ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ।
12 ਮਾਰਚ ਨੂੰ ਪੰਜਾਬ ਯੂਨੀਵਰਸਿਟੀ ’ਚ ਹੋਣ ਵਾਲੀ ਕਨਵੋਕੇਸ਼ਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀ.ਸੀ. ਪ੍ਰੋ. ਰੇਨੂ ਵਿੱਗ ਨੇ ਅਧਿਕਾਰੀਆਂ ਨਾਲ ਜਿਮਨੇਜੀਅਮ ਹਾਲ ਦਾ ਦੌਰਾ ਕੀਤਾ ਜਿੱਥੇ ਮੁੱਖ ਸਮਾਗਮ ਰੱਖਿਆ ਗਿਆ ਹੈ। ਕਨਵੋਕੇਸ਼ਨ ਦਾ ਸਿੱਧਾ ਪ੍ਰਸਾਰਣ ਸੋਸ਼ਲ ਮੀਡੀਆ ’ਤੇ ਹੋਵੇਗਾ ਅਤੇ ਇਸ ਦਾ ਲਿੰਕ ਸਾਂਝਾ ਕੀਤਾ ਜਾਵੇਗਾ।
ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਹੋਏਗਾ ਸਖਤ ਐਕਸ਼ਨ
ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਜਿਮਨੇਜੀਅਮ ਹਾਲ ਤੱਕ ਜਾਣ ਵਾਲੇ ਰੂਟ ਤੈਅ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਪੁਲਿਸ ਵਲੋਂ ਚੁਕਿਆ ਜਾ ਸਕਦਾ ਹੈ।
ਪੀ.ਜੀ.ਆਈ. ਵਾਲੇ ਗੇਟ ਨੰ. 1 ਤੋਂ ਆਮ ਜਨਤਾ ਦੀ ਆਵਾਜਾਈ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਗੇਟ ਨੰਬਰ 2 ਮਹਿਮਾਨ, ਮੀਡੀਆ ਅਤੇ ਸਟਾਫ, ਗੇਟ ਨੰਬਰ 3 ਤੋਂ ਵਿਦਿਆਰਥੀ ਅਤੇ ਡਿਗਰੀ ਲੈਣ ਵਾਲੇ ਆ ਸਕਣਗੇ। ਸਾਰਿਆਂ ਲਈ 9:30 ਵਜੇ ਤਕ ਅਪਣੀ ਸੀਟ ’ਤੇ ਬੈਠਣਾ ਜ਼ਰੂਰੀ ਹੈ।






















