ਗੁਰਦਾਸਪੁਰ ਦਾ ਪ੍ਰਿੰਸ 12 ਸਾਲ ਦੀ ਉਮਰੇ ਹੀ ਬਣ ਗਿਆ 'ਸਟਾਰ', ਮਿਲਿਆ ਫ਼ਿਲਮਾਂ, ਗਾਉਣ ਤੇ ਵਿਦੇਸ਼ ਫੇਰੀ ਦਾ ਮੌਕਾ
ਫਸਟ-ਰਨਰਅਪ ਬਣਨ ਤੋਂ ਬਾਅਦ ਸ਼ੋਅ ਦੇ ਜੱਜ ਸਚਿਨ ਅਹੂਜਾ, ਅਫਸਾਨਾ ਖ਼ਾਨ, ਬੀਰ ਸਿੰਘ ਨੇ ਉਸ ਨੂੰ 50 ਹਜਾਰ ਰੁਪਏ ਦਾ ਚੈਕ ਤੇ ਟ੍ਰਾਫ਼ੀ ਨਾਲ ਨਿਵਾਜਿਆ। ਪ੍ਰਿੰਸ ਨੂੰ 3 ਸਾਲ ਲਈ ਫ਼ਿਲਮਾਂ 'ਚ ਆਉਣ ਦਾ ਮੌਕਾ, ਇੱਕ ਗਾਣਾ ਤੇ ਵਿਦੇਸ਼ਾਂ ਦੇ ਟੂਰ ਮਿਲੇ ਹਨ।
ਗੁਰਦਾਸਪੁਰ: ਬਟਾਲਾ ਦੇ ਰਹਿਣ ਵਾਲੇ ਪ੍ਰਿੰਸ ਕੁਮਾਰ ਨੇ ਪੀਟੀਸੀ ਵਾਈਸ ਆਫ਼ ਪੰਜਾਬ (ਲਿਟਲ ਚੈਂਪ) ਸੀਜ਼ਨ-7 ਵਿੱਚ ਫਸਟ-ਰਨਰਅਪ ਦਾ ਖਿਤਾਬ ਅਪਣੇ ਨਾਂ ਕੀਤਾ ਹੈ। ਪ੍ਰਿੰਸ ਦੀ ਇਸ ਜਿੱਤ ਦੇ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਸ਼ਹਿਰ ਦੇ ਲੋਕਾਂ ਵਿੱਚ ਵੀ ਖੁਸ਼ੀ ਹੈ। ਪ੍ਰਿੰਸ ਦੇ ਪਿਤਾ ਰਜਿੰਦਰ ਕੁਮਾਰ ਬੌਬੀ ਤੇ ਮਾਤਾ ਨਰਗਿਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸੰਤ ਫਰਾਂਸਿਸ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਉਸ ਦੀ ਉਮਰ 12 ਸਾਲ ਹੈ।
ਉਨ੍ਹਾਂ ਦੱਸਿਆ ਕਿ ਬੇਟੇ ਨੇ ਇੱਥੇ ਤਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਪ੍ਰਿੰਸ ਦਿਨ-ਰਾਤ ਗਾਉਣ ਦਾ ਰਿਆਜ਼ ਕਰਦਾ ਰਹਿੰਦਾ ਸੀ, ਜਿਸ ਦੀ ਬਦੌਲਤ ਅੱਜ ਉਹ ਇੱਥੋਂ ਤਕ ਪਹੁੰਚਿਆ ਹੈ। ਪਿਤਾ ਰਾਜਿੰਦਰ ਨੇ ਦੱਸਿਆ ਕਿ ਪ੍ਰਿੰਸ ਜਦੋਂ 4 ਸਾਲ ਦਾ ਸੀ ਤਾਂ ਉਦੋਂ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿਤਾ ਸੀ। ਫਿਰ ਉਸ ਨੂੰ ਚੰਗਾ ਗਾਉਣ ਲਈ ਮਾਸਟਰ ਸੁਸ਼ੀਲ ਨਈਅਰ ਕੋਲ ਭੇਜਿਆ ਗਿਆ ਪਰ ਇਸ ਤੋਂ ਪਹਿਲਾਂ ਉਹ ਆਪਣੇ ਦਾਦਾ ਮੰਨਾ ਬਟਾਲਵੀ ਕੋਲੋਂ ਵੀ ਗਾਉਣਾ ਸਿੱਖ ਚੁੱਕਾ ਹੈ।
ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸ ਨੇ ਆਨਲਾਈਨ ਔਡੀਸ਼ਨ ਵਿੱਚ ਭਾਗ ਲੈਣ ਲਈ ਆਪਣੇ ਘਰ ਤੋਂ ਹੀ 16 ਜੁਲਾਈ ਨੂੰ ਇੱਕ ਗਾਣੇ ਦੀ ਵੀਡੀਓ ਬਣਾ ਕੇ ਚੈਨਲ ਤੇ ਭੇਜੀ ਸੀ। ਇਸ ਤੋਂ ਬਾਅਦ 21 ਜੁਲਾਈ ਨੂੰ ਮੈਗਾ ਔਡੀਸ਼ਨ ਮੁਹਾਲੀ ਸਟੂਡੀਓ ਵਿੱਚ ਹੋਇਆ ਸੀ। ਇਸ ਤੋਂ ਬਾਅਦ ਉਹ ਸਿਲੈਕਟ ਹੋ ਗਿਆ ਤੇ ਹੁਣ ਫਸਟ-ਰਨਰਅਪ ਦਾ ਖਿਤਾਬ ਅਪਣੇ ਨਾਂ ਕੀਤਾ ਹੈ।
ਫਸਟ-ਰਨਰਅਪ ਬਣਨ ਤੋਂ ਬਾਅਦ ਸ਼ੋਅ ਦੇ ਜੱਜ ਸਚਿਨ ਅਹੂਜਾ, ਅਫਸਾਨਾ ਖ਼ਾਨ, ਬੀਰ ਸਿੰਘ ਨੇ ਉਸ ਨੂੰ 50 ਹਜਾਰ ਰੁਪਏ ਦਾ ਚੈਕ ਤੇ ਟ੍ਰਾਫ਼ੀ ਨਾਲ ਨਿਵਾਜਿਆ। ਚੈਨਲ ਵੱਲੋਂ ਹੀ ਪ੍ਰਿੰਸ ਨੂੰ 3 ਸਾਲ ਲਈ ਫ਼ਿਲਮਾਂ ਵਿੱਚ ਆਉਣ ਦਾ ਮੌਕਾ, ਇੱਕ ਗਾਣਾ ਤੇ ਵਿਦੇਸ਼ਾਂ ਦੇ ਟੂਰ ਲਵਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸ ਨੇ ਇਸ ਤੋਂ ਪਹਿਲਾਂ ਸਿੰਗਿੰਗ ਕੰਪੀਟੀਸ਼ਨ ਸ਼ਾਨ-ਏ-ਮਾਝਾ ਦਾ ਖਿਤਾਬ ਵੀ ਅਪਣੇ ਨਾਂ ਕੀਤਾ ਸੀ ਤੇ ਇਸ ਦੇ ਨਾਲ ਹੀ ਪ੍ਰਿੰਸ ਨੇ ਕੁਝ ਐਲਬਮਾਂ ਵੀ ਕੀਤੀਆਂ ਹਨ, ਜੋ ਜਲਦੀ ਹੀ ਆ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸ ਜਦੋਂ ਛੋਟਾ ਸੀ ਤਾਂ ਚੋਣਾਂ ਦੌਰਾਨ ਕਈ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਆਪਣੇ ਗਾਣਿਆਂ ਰਾਹੀਂ ਪ੍ਰਮੋਸ਼ਨ ਕਰ ਚੁੱਕਾ ਹੈ। ਇਥੋਂ ਤਕ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਗੁਰਦਾਸਪੁਰ ਤੋਂ ਸਾਂਸਦ ਸਨੀ ਦਿਓਲ ਦੀ ਵੀ ਪ੍ਰਮੋਸ਼ਨ ਕਰ ਚੁੱਕਾ ਹੈ।
ਇਹ ਵੀ ਪੜ੍ਹੋ: Punjab Electricity Crisis: ਇੱਕ ਹੋਰ ਥਰਮਲ ਪਲਾਂਟ ਯੂਨਿਟ ਬੰਦ, 15 ਅਕਤੂਬਰ ਤੱਕ 4 ਤੋਂ 6 ਘੰਟੇ ਗੁੱਲ ਰਹੇਗੀ ਬਿਜਲੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: