ਕੋਰੋਨਾ ਕਾਰਨ ਛੱਡੇ ਕੈਦੀਆਂ 'ਚੋ 170 ਕੈਦੀ ਫਰਾਰ, ਪੁਲਿਸ ਨੇ ਚਲਾਇਆ ਸਰਚ ਅਪਰੇਸ਼ਨ
ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਗਿਣਤੀ ਘਟਾਉਣ ਲਈ ਕੈਦੀਆਂ ਨੂੰ ਪੈਰੋਲ ਤੇ ਛੱਡਿਆ ਗਿਆ ਸੀ। ਇਸ ਮਗਰੋਂ ਜਦੋਂ ਹਲਾਤ ਵਿੱਚ ਥੋੜ੍ਹਾ ਸੁਧਾਰ ਆਇਆ ਤਾਂ ਇਨ੍ਹਾਂ ਕੈਦੀਆਂ ਨੂੰ ਜੇਲ੍ਹਾਂ ਵਿੱਚ ਵਾਪਸ ਡੱਕਣ ਲਈ ਆਦੇਸ਼ ਦਿੱਤੇ ਗਏ।
ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਗਿਣਤੀ ਘਟਾਉਣ ਲਈ ਕੈਦੀਆਂ ਨੂੰ ਪੈਰੋਲ ਤੇ ਛੱਡਿਆ ਗਿਆ ਸੀ। ਇਸ ਮਗਰੋਂ ਜਦੋਂ ਹਲਾਤ ਵਿੱਚ ਥੋੜ੍ਹਾ ਸੁਧਾਰ ਆਇਆ ਤਾਂ ਇਨ੍ਹਾਂ ਕੈਦੀਆਂ ਨੂੰ ਜੇਲ੍ਹਾਂ ਵਿੱਚ ਵਾਪਸ ਡੱਕਣ ਲਈ ਆਦੇਸ਼ ਦਿੱਤੇ ਗਏ। ਕੋਰੋਨਾ ਕਾਲ ਦੌਰਾਨ ਕਰੀਬ 5000 ਦੋਸ਼ੀਆਂ ਨੂੰ ਸਪੈਸ਼ਲ ਪੈਰੋਲ ਤੇ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿੱਚੋਂ ਛੱਡਿਆ ਗਿਆ ਸੀ। ਇਸ ਤੋਂ ਇਲਾਵਾ ਕਰੀਬ 6000 ਅੰਡਰਟ੍ਰਾਇਲ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਗਈ ਸੀ ਪਰ ਇਨ੍ਹਾਂ ਵਿੱਚੋਂ ਹੁਣ 170 ਕੈਦੀ ਪੈਰੋਲ ਮੁੱਕਣ ਤੇ ਜੇਲਾਂ 'ਚ ਨਹੀਂ ਮੁੜੇ ਹਨ।
ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਲਾਕਿਆਂ ਦੇ ਐਸਐਚਓ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਨ੍ਹਾਂ ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਈ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ। ਦੱਸ ਦੇਈਏ ਕਿ ਪਿੱਛਲੇ ਸਾਲ ਕੋਰੋਨਾ ਦੌਰਾਨ ਪੈਰੋਲ ਤੇ ਛੱਡੇ ਗਏ ਕੈਦੀਆਂ ਨੂੰ ਵਾਪਸ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਲਈ ਕਿਹਾ ਗਿਆ ਸੀ। 17 ਫਰਵਰੀ ਨੂੰ ਪਹਿਲਾ ਬੈਚ ਵਾਪਸ ਆ ਗਿਆ ਸੀ। ਇਸ ਤਰ੍ਹਾਂ ਆਖਰੀ ਬੈਚ 18 ਮਈ ਨੂੰ ਵਾਪਸ ਆਏਗਾ। 60 ਸਾਲਾਂ ਤੋਂ ਉਪਰ ਦੇ ਕੈਦੀ ਜੋ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹਨ ਸਭ ਤੋਂ ਆਖੀਰ ਵਿੱਚ ਜੇਲ੍ਹ ਪਰਤਣਗੇ।
ਪੁਲਿਸ ਮੁਤਾਬਕ ਕੁਝ ਕੈਦੀਆਂ ਨੂੰ ਸੰਦੇਸ਼ ਦੇਰੀ ਨਾਲ ਪਹੁੰਚ ਰਿਹਾ ਹੈ ਤੇ ਤੈਅ ਜੇਲ੍ਹਾਂ ਵਿੱਚ 3-4 ਦਿਨ ਬਆਦ ਵੀ ਪਹੁੰਚ ਰਹੇ ਹਨ। ਜੇਲ੍ਹ ਵਿਭਾਗ ਨੇ ਸਰਕੂਲਰ ਜਾਰੀ ਕੀਤਾ ਹੈ ਜਿਸ ਰਾਹੀਂ ਇੱਕ ਬੈਚ ਵਿੱਚ 600-700 ਕੈਦੀਆਂ ਸ਼ਾਮਲ ਕੀਤੇ ਗਏ ਹਨ ਜੋ ਹਰ 10 ਦਿਨ ਬਆਦ ਜੇਲ੍ਹ ਪਰਤ ਰਹੇ ਹਨ। ਕਰੀਬ 2000 ਕੈਦੀਆਂ ਨੇ ਆਪਣੇ ਆਪ ਨੂੰ ਜੇਲ ਹਵਾਲੇ ਕਰ ਦਿੱਤਾ ਹੈ। ਵਾਪਸ ਪਰਤ ਰਹੇ ਕੈਦੀਆਂ ਲਈ ਵਿਸ਼ਾਸ਼ ਜੇਲ੍ਹਾਂ ਤੈਅ ਕੀਤੀਆਂ ਗਈਆਂ ਹਨ। ਇੱਥੇ ਇਨ੍ਹਾਂ ਕੈਦੀਆਂ ਨੂੰ ਕੋਵਿਡ ਟੈਸਟ ਤੋਂ ਪਹਿਲਾਂ ਕੁਆਰੰਟੀਨ ਕੀਤਾ ਜਾਏਗਾ ਤੇ ਬਆਦ ਵਿੱਚ ਉਨ੍ਹਾਂ ਦੀਆਂ ਸਬੰਧਤ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਏਗਾ।
ਜੇਲ ਪਰਤ ਰਹੇ ਕੈਦੀਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਦੇ ਨਾਲ ਤੈਅ ਜੇਲ੍ਹਾਂ ਵਿੱਚ ਜਾਣਾ ਹੋਏਗਾ।ਪੁਰਸ਼ ਕੈਦੀਆਂ ਨੂੰ ਬਰਨਾਲਾ ਤੇ ਪਠਾਨਕੋਟ ਜੇਲ ਵਿੱਚ ਰਿਪੋਰਟ ਕਰਨਾ ਹੋਏਗਾ ਜਦਕਿ ਮਹਿਲਾ ਕੈਦੀਆਂ ਨੂੰ ਮਲੇਰਕੋਟਲਾ ਜੇਲ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ।