ਫਾਜ਼ਿਲਕਾ ਦੀ ਪ੍ਰਿਅਮਦੀਪ ਕੌਰ ਬਣੀ ਵਿਗਿਆਨੀ, ਇੰਜਨੀਅਰਿੰਗ ਦੀ ਪ੍ਰੀਖਿਆ ਦੇ ਕੇ ਪੂਰੇ ਭਾਰਤ 'ਚੋਂ 15ਵਾਂ ਰੈਕ ਕੀਤਾ ਹਾਸਲ
ਕਮਿਸਟਰੀ ਵਿਚ ਐਮਐਸਸੀ ਪਾਸ ਪ੍ਰਿਅਮਦੀਪ ਕੌਰ ਨੇ ਗ੍ਰੇਜੂਏਟ ਐਪਟੀਚਿਊਟ ਟੈਸਟ ਇਨ ਇੰਜਨੀਅਰਿੰਗ ਦੀ ਪ੍ਰੀਖਿਆ ਦੇ ਕੇ ਪੂਰੇ ਭਾਰਤ 'ਚੋਂ 15ਵਾਂ ਰੈਕ ਪ੍ਰਾਪਤ ਕੀਤਾ ਹੈ। ਹੁਣ ਉਹ ਭਾਭਾ ਅਟਾਮਿਕ ਰਿਸਰਚ ਸੈਂਟਰ ਮੁੰਬਈ 'ਚ ਬਤੌਰ ਵਿਗਿਆਨੀ ਨੌਕਰੀ ਕਰੇਗੀ।
Punjab News : ਫਾਜ਼ਿਲਕਾ ਦੇ ਛੋਟੇ ਜਿਹੇ ਕਸਬੇ ਮੰਡੀ ਰੋੜਾਵਾਲੀ ਦੀ ਪ੍ਰਿਅਮਦੀਪ ਕੌਰ ਨੂੰ ਵਿਗਿਆਨੀ ਬਣਨ ਦਾ ਮਾਣ ਹਾਸਲ ਹੋਇਆ ਹੈ। ਕਮਿਸਟਰੀ ਵਿਚ ਐਮਐਸਸੀ ਪਾਸ ਪ੍ਰਿਅਮਦੀਪ ਕੌਰ ਨੇ ਗ੍ਰੇਜੂਏਟ ਐਪਟੀਚਿਊਟ ਟੈਸਟ ਇਨ ਇੰਜਨੀਅਰਿੰਗ ਦੀ ਪ੍ਰੀਖਿਆ ਦੇ ਕੇ ਪੂਰੇ ਭਾਰਤ 'ਚੋਂ 15ਵਾਂ ਰੈਕ ਪ੍ਰਾਪਤ ਕੀਤਾ ਹੈ। ਹੁਣ ਉਹ ਭਾਭਾ ਅਟਾਮਿਕ ਰਿਸਰਚ ਸੈਂਟਰ ਮੁੰਬਈ 'ਚ ਬਤੌਰ ਵਿਗਿਆਨੀ ਨੌਕਰੀ ਕਰੇਗੀ। ਇਸ ਟੈਸਟ ਲਈ ਪੂਰੇ ਦੇਸ਼ ਵਿਚੋਂ 300 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਅਤੇ ਜਿਸ ਵਿਚ ਇੰਟਰਵਿਊ ਮਗਰੋਂ 21 ਵਿਗਿਆਨੀ ਚੁਣੇ ਗਏ। ਪ੍ਰਿਅਮਦੀਪ ਕੌਰ ਨੂੰ ਪੰਜਾਬ 'ਚੋਂ ਉਸ ਨੂੰ ਹੀ ਵਿਗਿਆਨੀ ਬਣਨ ਦਾ ਮਾਣ ਹਾਸਲ ਹੋਇਆ ਹੈ। ਪ੍ਰਿਅਮਦੀਪ ਕੌਰ ਨੇ ਮੁੱਢਲੀ ਸਿਖਿਆ ਪ੍ਰਾਪਤ ਕਰਨ ਮਗਰੋਂ ਬੀਐਸਸੀ ਅਤੇ ਐਮਐਸਸੀ ਪੰਜਾਬ ਯੂਨੀਵਰਸਿਟੀ 'ਚੋਂ ਟਾਪਰ ਰਹਿ ਕੇ ਹਾਸਲ ਕੀਤੀ। ਉਨ੍ਹਾਂ ਨੂੰ ਯੂਨੀਵਰਸਿਟੀ ਵਿਚੋਂ ਗੋਲਡ ਮੈਡਲਿਸਟ ਹੋਣ ਦਾ ਮਾਣ ਵੀ ਹਾਸਲ ਹੋਇਆ ਹੈ।
ਭਾਭਾ ਅਟਾਮਿਕ ਰਿਸਰਚ ਸੈਂਟਰ ਵਿਚ ਬਤੌਰ ਵਿਗਿਆਨੀ ਖੋਜ 'ਤੇ ਕਰੇਗੀ ਕੰਮ
ਪ੍ਰਿਅਮਦੀਪ ਕੌਰ ਨੇ ਦੱਸਿਆ ਕਿ ਉਹ ਭਾਭਾ ਅਟਾਮਿਕ ਰਿਸਰਚ ਸੈਂਟਰ ਵਿਚ ਬਤੌਰ ਵਿਗਿਆਨੀ ਖੋਜ 'ਤੇ ਕੰਮ ਕਰੇਗੀ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਵਿਗਿਆਨ ਸਮਾਜ ਲਈ ਚੰਗੀ ਭੂਮਿਕਾ ਨਿਭਾ ਸਕਦਾ ਹੈ। ਦੇਸ਼ ਦੇ ਵਿਕਾਸ ਵਿਚ ਵਿਗਿਆਨ ਦਾ ਵੱਡਾ ਹੱਥ ਹੈ। ਉਸ ਨੇ ਕਿਹਾ ਕਿ ਕੁਝ ਚੰਗਾ ਪਾਊਣ ਲਈ ਮਿਹਨਤ ਤਾ ਕਰਨੀ ਪੈਦੀ ਹੈ। ਇਸ ਚੋਣ ਲਈ ਉਸ ਨੇ ਪੂਰੇ ਪਰਿਵਾਰ ਦੀ ਮੱਦਦ ਅਤੇ ਹੌਸਲੇ ਨੂੰ ਆਪਣੇ ਲਈ ਪ੍ਰੇਰਣਾ ਦਸਿਆ। ਜਿਥੇ ਉਸ ਦੀ ਮਾਤਾ ਨੇ ਉਸ ਨੂੰ ਮੋਟੀਵੇਸ਼ਨ ਕੀਤਾ, ਉਥੇ ਪਿਤਾ ਨੇ ਮਜਬੂਤ ਬਣਨ ਲਈ ਪ੍ਰੇਰਿਆ, ਭਰਾ ਦਾ ਸਾਥ ਰਿਹਾ ਅਤੇ ਦਾਦੀ ਦਾ ਆਸ਼ੀਰਵਾਦ ਵੀ ਉਸ ਦੇ ਨਾਲ ਹੀ ਰਿਹਾ।
ਪਿਤਾ ਅਮਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਪੜ੍ਹ ਲਿਖ ਕੇ ਨੌਕਰੀ ਨਹੀ ਮਿਲ ਸਕੀ। ਇਸ ਦਾ ਉਸ ਨੂੰ ਮਲਾਲ ਰਹੇਗਾ, ਪਰ ਉਸ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਹੌਂਸਲਾ ਦਿੱਤਾ ਕਿ ਪੜ੍ਹ ਲਿਖ ਕੇ ਕਾਮਯਾਬ ਬਣਨ। ਉਨ੍ਹਾਂ ਨੇ ਕਿਹਾ ਕਿ ਉਸ ਦੀ ਬੇਟੀ ਦੇਸ਼ ਵਾਸਤੇ ਨਵੀਆਂ ਖੋਜਾਂ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ ਅਤੇ ਦੇਸ਼ ਦਾ ਵੀ ਮਾਣ ਵਧਾਵੇਗੀ।