ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ, ਇੰਨੀ ਤਰੀਕ ਤੋਂ ਬਦਲੇਗਾ ਮੌਸਮ, ਜਾਣੋ ਆਪਣੇ ਸ਼ਹਿਰ ਦਾ ਹਾਲ
Punjab and Chandigarh Weather: ਪੰਜਾਬ ਵਿੱਚ ਅੱਜ ਵੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ।

Punjab and Chandigarh Weather: ਪੰਜਾਬ ਵਿੱਚ ਅੱਜ ਵੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਕੱਲ੍ਹ ਧੁੱਪ ਦੀ ਘਾਟ ਕਾਰਨ ਦਿਨ ਦੇ ਤਾਪਮਾਨ ਵਿੱਚ 3.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਭਰ ਦੇ ਸ਼ਹਿਰਾਂ ਦਾ ਦਿਨ ਦਾ ਤਾਪਮਾਨ 11 ਤੋਂ 20 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਰਾਤ 10 ਵਜੇ ਤੋਂ ਹਵਾਈ ਮਾਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅੰਮ੍ਰਿਤਸਰ ਵਿੱਚ ਰਾਤ 10 ਵਜੇ ਤੋਂ ਬਾਅਦ ਵਿਜ਼ੀਬਿਲਟੀ ਜ਼ੀਰੋ ਹੋ ਗਈ।
ਮਲੇਸ਼ੀਆ ਤੋਂ ਆਈ ਉਡਾਣ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਤੋਂ ਪਹਿਲਾਂ ਲਗਭਗ ਦੋ ਘੰਟੇ ਹਵਾ ਵਿੱਚ ਚੱਕਰ ਲਗਾਉਣੇ ਪਏ ਅਤੇ ਅੰਤ ਵਿੱਚ ਇਸ ਨੂੰ ਦਿੱਲੀ ਵੱਲ ਡਾਇਵਰਟ ਕਰਨਾ ਪਿਆ। ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿੱਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ।
50 ਮੀਟਰ ਤੱਕ ਹੋ ਵਿਜ਼ੀਬਲਿਟੀ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਨੂੰ ਲੈਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਲਿਟੀ 50 ਮੀਟਰ ਜਾਂ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਵੀਰਵਾਰ ਨੂੰ ਧੁੱਪ ਦੀ ਘਾਟ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਾਫ਼ੀ ਘੱਟ ਅੰਤਰ ਦੇਖਿਆ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਰਿਹਾ, ਜਦੋਂ ਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਸਿਰਫ਼ 11.7 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਦਿਨ ਦਾ ਤਾਪਮਾਨ 16.6 ਡਿਗਰੀ, ਐਸਬੀਐਸ ਨਗਰ ਵਿੱਚ 14.7 ਡਿਗਰੀ, ਮੋਗਾ ਵਿੱਚ 12.6 ਅਤੇ ਰੋਪੜ ਵਿੱਚ 12.8 ਡਿਗਰੀ ਦਰਜ ਕੀਤਾ ਗਿਆ।
18 ਦਸੰਬਰ ਨੂੰ ਇੱਕ ਨਵੀਂ ਪੱਛਮੀ ਗੜਬੜੀ ਹੋਵੇਗੀ ਸਰਗਰਮ
ਮੌਸਮ ਵਿਭਾਗ ਦੇ ਅਨੁਸਾਰ, ਰਾਜਸਥਾਨ ਦੇ ਨੇੜੇ ਇੱਕ ਪੱਛਮੀ ਗੜਬੜੀ ਸਰਗਰਮ ਹੈ, ਜੋ ਅੱਜ ਸ਼ਾਂਤ ਹੋ ਸਕਦੀ ਹੈ। ਇਸ ਤੋਂ ਬਾਅਦ 18 ਦਸੰਬਰ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਜਿਸ ਦਾ ਪ੍ਰਭਾਵ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ। ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੀਂਹ ਕਾਰਨ, ਉੱਥੋਂ ਮੈਦਾਨੀ ਇਲਾਕਿਆਂ ਵੱਲ ਆਉਣ ਵਾਲੀਆਂ ਹਵਾਵਾਂ ਠੰਢੀਆਂ ਹੋ ਜਾਣਗੀਆਂ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਇੱਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੇਗੀ।
ਪੰਜਾਬ ਦੇ ਸ਼ਹਿਰਾਂ ਵਿੱਚ ਮੌਸਮ
ਅੰਮ੍ਰਿਤਸਰ- ਸੰਘਣੀ ਧੁੰਦ ਦੇਖੀ ਜਾਵੇਗੀ। ਤਾਪਮਾਨ 8 ਤੋਂ 19 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ- ਸੰਘਣੀ ਧੁੰਦ ਦੇਖੀ ਜਾਵੇਗੀ। ਤਾਪਮਾਨ 8 ਤੋਂ 21 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ - ਸੰਘਣੀ ਧੁੰਦ ਦੇਖੀ ਜਾਵੇਗੀ। ਤਾਪਮਾਨ 8 ਤੋਂ 16 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ- ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 8 ਤੋਂ 16 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ - ਧੁੰਦ ਦੇਖਣ ਨੂੰ ਮਿਲੇਗੀ। ਤਾਪਮਾਨ 10 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।






















