ਪੰਜਾਬ ਚੋਣਾਂ 'ਚ ਕਿਸਾਨ ਜਥੇਬੰਦੀਆਂ ਨੂੰ ਵੱਡਾ ਝਟਕਾ, ਨਾਰਾਜ਼ ਲੀਡਰ ਨੇ ਬਣਾਇਆ ਵੱਖਰਾ ਮੋਰਚਾ
ਕਿਸਾਨ ਜਥੇਬੰਦੀਆਂ ਤੋਂ ਨਾਰਾਜ਼ ਕਿਸਾਨ ਆਗੂ ਹੁਣ ‘ਸਾਂਝਾ ਪੰਜਾਬ ਮੋਰਚਾ’ ਤਹਿਤ ਜੱਥੇਬੰਦ ਹੋ ਰਹੇ ਹਨ। ਇਨ੍ਹਾਂ ਆਗੂਆਂ ਨੇ ਪੰਜਾਬ ਦੇ 40 ਵਿਧਾਨ ਸਭਾ ਹਲਕਿਆਂ 'ਚ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ।
Punjab Assembly Election 2022: ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਪੰਜਾਬ ਵਿਧਾਨ ਸਭਾ ਚੋਣਾਂ 'ਚ ਨਿੱਤਰੀਆਂ 22 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ 'ਚ ਟਿਕਟਾਂ ਦੀ ਵੰਡ ਤੋਂ ਬਾਅਦ ਫੁੱਟ ਪੈ ਗਈ ਹੈ। ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੀਆਂ ਜਥੇਬੰਦੀਆਂ ਨਾਲ ਸਬੰਧ ਰੱਖਣ ਵਾਲੇ ਕਈ ਕਿਸਾਨ ਆਗੂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋ ਗਏ ਹਨ।
ਨਾਰਾਜ਼ ਕਿਸਾਨਾਂ ਨੇ ਹੁਣ ‘ਸਾਂਝਾ ਪੰਜਾਬ ਮੋਰਚਾ’ ਦੇ ਨਾਂ ਨਾਲ ਵੱਖਰੀ ਜੱਥੇਬੰਦੀ ਬਣਾ ਲਈ ਹੈ। ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਚੜੂਨੀ ਨੇ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਸਿਆਸੀ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਟਿਕਟਾਂ ਵੰਡ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਹੈ।
ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਨੂੰ ਨਾ ਦਿੱਤੀ ਟਿਕਟ
ਪੇਸ਼ੇ ਤੋਂ ਇੰਜਨੀਅਰ ਕਰਮਵੀਰ ਸਿੰਘ ਲਾਲੀ ਪੰਜਾਬ ਦੀ ਨੁਹਾਰ ਬਦਲਣ ਲਈ ਦੋ ਸਾਲ ਪਹਿਲਾਂ ਅਮਰੀਕਾ ਤੋਂ ਆਪਣਾ ਕਾਰੋਬਾਰ ਸਮੇਟ ਕੇ ਵਾਪਸ ਪੰਜਾਬ ਆ ਗਏ। ਉਨ੍ਹਾਂ ਨੇ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਦੀ ਭਰਪੂਰ ਮਦਦ ਕੀਤੀ ਪਰ ਜਦੋਂ ਟਿਕਟਾਂ ਦੇਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ।
ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਕਿਸਾਨ ਆਗੂ ਹਰਮੀਤ ਕੌਰ ਬਾਜਵਾ ਵੀ ਮੁਕਤਸਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰ ਸਨ, ਪਰ ਉਨ੍ਹਾਂ ਨੂੰ ਵੀ ਟਿਕਟ ਨਹੀਂ ਮਿਲੀ। ਹਰਮੀਤ ਕੌਰ ਅਨੁਸਾਰ ਉਨ੍ਹਾਂ ਨੇ ਪੰਜਾਬ ਦੇ ਚੰਗੇ ਭਵਿੱਖ ਲਈ ਕਿਸਾਨ ਆਗੂਆਂ ਦਾ ਸਾਥ ਦਿੱਤਾ ਸੀ, ਪਰ ਜਦੋਂ ਉਹ ਸਿਆਸਤ ਵਿੱਚ ਆਏ ਤਾਂ ਉਹ ਆਮ ਸਿਆਸੀ ਪਾਰਟੀਆਂ ਵਾਂਗ ਵਿਹਾਰ ਕਰਨ ਲੱਗ ਪਏ।
ਰੂਪਨਗਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਵਚਿੱਤਰ ਸਿੰਘ ਵੀ ਕਿਸਾਨ ਜੱਥੇਬੰਦੀਆਂ ਵੱਲੋਂ ਬਣਾਏ ਮੋਰਚੇ ਤੋਂ ਨਾਰਾਜ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਰਚੇ ਦੇ ਆਗੂਆਂ ਨੇ ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਅਕਾਲੀ ਦਲ ਦੇ ਆਗੂ ਨੂੰ ਟਿਕਟ ਦਿੱਤੀ।
ਪੰਜਾਬ ਦੀ ਸਰਪੰਚ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਵੀ ਚੋਣ ਲੜਨਾ ਚਾਹੁੰਦੇ ਸਨ, ਪਰ ਮੋਰਚੇ ਨੇ ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਇੱਕ ਅਜਿਹੇ ਵਿਅਕਤੀ ਨੂੰ ਟਿਕਟ ਦੇ ਦਿੱਤੀ ਜਿਸ ਨੇ ਕਿਸਾਨ ਅੰਦੋਲਨ 'ਚ ਹਿੱਸਾ ਨਹੀਂ ਲਿਆ ਸੀ।
ਕਿਸਾਨ ਜਥੇਬੰਦੀਆਂ ਤੋਂ ਨਾਰਾਜ਼ ਕਿਸਾਨ ਆਗੂ ਹੁਣ ‘ਸਾਂਝਾ ਪੰਜਾਬ ਮੋਰਚਾ’ ਤਹਿਤ ਜੱਥੇਬੰਦ ਹੋ ਰਹੇ ਹਨ। ਇਨ੍ਹਾਂ ਆਗੂਆਂ ਨੇ ਪੰਜਾਬ ਦੇ 40 ਵਿਧਾਨ ਸਭਾ ਹਲਕਿਆਂ 'ਚ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ।
ਕਿਸਾਨ ਬਨਾਮ ਕਿਸਾਨ ਹੋਏ ਚੋਣ ਜੰਗ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਨਿੱਤ ਨਵੇਂ ਸਮੀਕਰਨ ਬਣਦੇ ਜਾ ਰਹੇ ਹਨ। ਜਦੋਂ ਸੰਯੁਕਤ ਸਮਾਜ ਮੋਰਚਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਚੋਣ ਗਠਜੋੜ ਨਹੀਂ ਹੋਇਆ ਸੀ ਤਾਂ ਉਸ ਵੇਲੇ ਮੁਕਾਬਲਾ ਸੰਯੁਕਤ ਸੰਘਰਸ਼ ਸਮਾਜ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਮੰਨਿਆ ਜਾ ਰਿਹਾ ਸੀ ਪਰ ਹੁਣ ‘ਸਾਂਝਾ ਪੰਜਾਬ ਮੋਰਚਾ’ ਦੇ ਗਠਨ ਤੋਂ ਬਾਅਦ ਚੋਣ ਜੰਗ ਕਿਸਾਨ ਬਨਾਮ ਕਿਸਾਨ ਹੋ ਗਈ ਹੈ।
ਨਵੇਂ ਸਮੀਕਰਨ ਬਣਨ ਤੋਂ ਬਾਅਦ ਕਿਸਾਨਾਂ ਦੀਆਂ ਵੋਟਾਂ ਆਮ ਆਦਮੀ ਪਾਰਟੀ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਵੰਡੀਆਂ ਜਾ ਸਕਦੀਆਂ ਹਨ। ਇਸ ਦਾ ਸਿਆਸੀ ਫ਼ਾਇਦਾ ਸੱਤਾਧਾਰੀ ਕਾਂਗਰਸ ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ ਹੈ।
ਚੋਣ ਮਾਹਿਰਾਂ ਅਨੁਸਾਰ ਪੰਜਾਬ ਦੇ 15 ਤੋਂ 20 ਫ਼ੀਸਦੀ ਵੋਟਰਾਂ ਨੇ ਹਮੇਸ਼ਾ ਹੀ ਤੀਜੇ ਮੋਰਚੇ 'ਤੇ ਭਰੋਸਾ ਕੀਤਾ ਹੈ। ਇਨ੍ਹਾਂ ਵੋਟਰਾਂ ਨੂੰ ਫ਼ਲੋਟਿੰਗ ਵੋਟਰ ਕਿਹਾ ਜਾਂਦਾ ਹੈ। ਵੋਟਰਾਂ ਦੇ ਇਸ ਹਿੱਸੇ ਨੂੰ ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਲੜਨ ਤੋਂ ਬਾਅਦ ਆਪਣੇ ਵੱਲ ਖਿੱਚਿਆ ਸੀ ਪਰ ਇਸ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਦਾ ਫ਼ੈਸਲਾ ਕਰਨ ਤੋਂ ਬਾਅਦ ਇਹ ਵੋਟਾਂ ਕਿਸਾਨ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵਿਚਕਾਰ ਵੰਡੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Republic Day: Attari-Wagah Border 'ਤੇ ਗਣਤੰਤਰ ਦਿਵਸ, BSF-ਪਾਕਿ ਰੇਂਜਰਾਂ ਨੇ ਇੱਕ-ਦੂਜੇ ਨੂੰ ਵੰਡੀਆਂ ਮਠਿਆਈਆਂ, ਵੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin