Punjab BJP: ਭਗਵੰਤ ਮਾਨ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੇ ਖੋਲ੍ਹੇ ਬੀਜੇਪੀ ਲਈ ਪਿੰਡਾਂ ਦੇ ਦਰ...ਪੰਜ ਸਾਲਾਂ ਬਾਅਦ ਐਂਟਰੀ
Punjab BJP: ਭਗਵੰਤ ਮਾਨ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੇ ਬੀਜੇਪੀ ਲਈ ਪੰਜਾਬ ਦੇ ਪਿੰਡਾਂ ਦੇ ਦਰਵਾਜੇ ਖੋਲ੍ਹ ਦਿੱਤੇ ਹਨ।

Punjab BJP: ਭਗਵੰਤ ਮਾਨ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੇ ਬੀਜੇਪੀ ਲਈ ਪੰਜਾਬ ਦੇ ਪਿੰਡਾਂ ਦੇ ਦਰਵਾਜੇ ਖੋਲ੍ਹ ਦਿੱਤੇ ਹਨ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਕਰਕੇ ਪਿਛਲੇ ਪੰਜ ਸਾਲਾਂ ਤੋਂ ਬੀਜੇਪੀ ਪਿੰਡਾਂ ਦਾ ਰੁਖ ਕਰਨਾ ਤੋਂ ਕਤਰਾ ਰਹੀ ਸੀ ਪਰ ਲੈਂਡ ਪੂਲਿੰਗ ਪਾਲਿਸੀ ਕਰਕੇ ਹੁਣ ਉਸ ਨੂੰ ਪਿੰਡਾਂ ਤੱਕ ਪਹੁੰਚ ਕਰਨ ਦਾ ਮੌਕਾ ਮਿਲ ਗਿਆ ਹੈ। ਇਸ ਲਈ ਬੀਜੇਪੀ ਨੇ ਕਿਸਾਨਾਂ ਨੂੰ ਲੁਭਾਉਣ ਲਈ "ਜ਼ਮੀਨ ਬਚਾਓ, ਕਿਸਾਨ ਬਚਾਓ" ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਯਾਤਰਾ 17 ਅਗਸਤ ਨੂੰ ਪਟਿਆਲਾ ਤੋਂ ਸ਼ੁਰੂ ਹੋਵੇਗੀ ਤੇ 7 ਸਤੰਬਰ ਤੱਕ ਚੱਲੇਗੀ। ਇਹ ਪਠਾਨਕੋਟ ਵਿੱਚ ਸਮਾਪਤ ਹੋਵੇਗੀ।
ਦਰਅਸਲ ਪੰਜਾਬ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਨੇ 2020 ਵਿੱਚ ਸੂਬੇ ਦੇ ਕਿਸਾਨਾਂ ਵਿੱਚ ਬੀਜੇਪੀ ਵਿਰੁੱਧ ਨਾਰਾਜ਼ਗੀ ਪੈਦਾ ਕਰ ਦਿੱਤੀ ਸੀ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਨਾਲ ਉਸ ਦਾ ਗੱਠਜੋੜ ਵੀ ਟੁੱਟ ਗਿਆ ਸੀ। ਭਾਵੇਂ ਇਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਬੀਜੇਪੀ ਦੀ ਵੋਟ ਪ੍ਰਤੀਸ਼ਤਤਾ ਵਧੀ ਸੀ ਪਰ ਸੀਟਾਂ 'ਤੇ ਕੋਈ ਫਾਇਦਾ ਨਹੀਂ ਹੋਇਆ ਸੀ। ਹੁਣ ਪੰਜ ਸਾਲਾਂ ਬਾਅਦ ਭਾਜਪਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਉੱਠੀ ਆਵਾਜ਼ ਦੀ ਮਦਦ ਨਾਲ ਪਿੰਡਾਂ ਵਿੱਚ ਆਪਣੀ ਐਂਟਰੀ ਕਰਨ ਜਾ ਰਹੀ ਹੈ।
ਦਿਲਚਸਪ ਗੱਲ ਹੈ ਕਿ ਪੰਜ ਸਾਲ ਪਹਿਲਾਂ ਖੇਤੀ ਕਾਨੂੰਨਾਂ ਕਰਕੇ ਬੀਜੇਪੀ ਲੀਡਰਾਂ ਦੀ ਪਿੰਡਾਂ ਵਿੱਚ ਐਂਟਰੀ ਬੈਨ ਹੋਈ ਸੀ ਤੇ ਇਨ੍ਹਾਂ ਕਾਨੂੰਨਾਂ ਵਿਰੱਧ ਕਿਸਾਨ ਅੰਦੋਲਨ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਤੋੜ ਸੀਟਾਂ ਮਿਲੀਆਂ ਸਨ। ਭਾਵ ਬੀਜੇਪੀ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਆਮ ਆਦਮੀ ਪਾਰਟੀ ਦੀ ਪਿੰਡਾਂ ਵਿੱਚ ਐਂਟਰੀ ਹੋਈ ਸੀ। ਹੁਣ ਪੰਜ ਸਾਲ ਬਾਅਦ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਕਰਕੇ ਪਿੰਡਾਂ ਵਿੱਚ ਬੀਜੇਪੀ ਦੀ ਐਂਟਰੀ ਹੋ ਰਹੀ ਹੈ।
ਦੱਸ ਦਈਏ ਕਿ ਭਾਵੇਂ ਦਿੱਲੀ ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਨੇ 19 ਨਵੰਬਰ, 2021 ਨੂੰ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ, ਪਰ ਇਸ ਤੋਂ ਬਾਅਦ ਵੀ ਬੀਜੇਪੀ ਨੂੰ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਨਹੀਂ ਮਿਲੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਤੌਰ 'ਤੇ ਚੋਣ ਲੜੀ ਪਰ ਉਸ ਸਮੇਂ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਤੇ ਜੰਗੀ ਲਾਲ ਮਹਾਜਨ ਮੁਕੇਰੀਆਂ ਤੋਂ ਹੀ ਚੋਣ ਜਿੱਤ ਸਕੇ ਸੀ।
ਇਸ ਤੋਂ ਬਾਅਦ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਆਈਆਂ ਤਾਂ ਬੀਜੇਪੀ ਨੇ ਪਾਰਟੀ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਕੀਤੇ। ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ, ਜਦੋਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਸੀ ਪਰ ਉਸ ਸਮੇਂ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਸੰਯੁਕਤ ਮੋਰਚੇ ਵੱਲੋਂ ਫਸਲਾਂ ਦੇ ਐਮਐਸਪੀ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਵੱਡੀਆਂ ਰੈਲੀਆਂ ਕੀਤੀਆਂ ਪਰ ਪਾਰਟੀ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਵੀ ਨਹੀਂ ਜਿੱਤ ਸਕੀ।
ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਨਵੇਂ ਮੁਖੀ ਤੇ ਸਾਬਕਾ ਕਾਂਗਰਸੀ ਨੇਤਾ ਸੁਨੀਲ ਜਾਖੜ ਦੀ ਅਗਵਾਈ ਹੇਠ ਲੜੀਆਂ। ਭਾਵੇਂ ਪਾਰਟੀ ਇਸ ਚੋਣ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਪਰ ਵੋਟ ਪ੍ਰਤੀਸ਼ਤਤਾ ਦੇ ਮਾਮਲੇ ਵਿੱਚ ਪਾਰਟੀ ਤੀਜੇ ਸਥਾਨ 'ਤੇ ਪਹੁੰਚ ਗਈ ਜੋ ਭਾਜਪਾ ਨੇਤਾਵਾਂ ਲਈ ਜਾਨ ਪਾਉਣ ਵਰਗਾ ਕਦਮ ਸੀ। ਇਸ ਸਮੇਂ ਦੌਰਾਨ ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ ਤੇ ਪਾਰਟੀ ਨੂੰ 26.30 ਪ੍ਰਤੀਸ਼ਤ ਵੋਟਾਂ ਮਿਲੀਆਂ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਤੇ ਇਸ ਦੀ ਵੋਟ ਪ੍ਰਤੀਸ਼ਤਤਾ 26 ਪ੍ਰਤੀਸ਼ਤ ਸੀ। ਭਾਜਪਾ ਕੋਈ ਵੀ ਸੀਟ ਨਹੀਂ ਜਿੱਤ ਸਕੀ ਪਰ ਵੋਟ ਪ੍ਰਤੀਸ਼ਤਤਾ 18.56 ਪ੍ਰਤੀਸ਼ਤ ਸੀ, ਜਿਸ ਕਾਰਨ ਪਾਰਟੀ ਤੀਜੇ ਸਥਾਨ 'ਤੇ ਪਹੁੰਚ ਗਈ। ਪਾਰਟੀ ਨੂੰ ਸੂਬੇ ਵਿੱਚ 25 ਲੱਖ 877 ਵੋਟਾਂ ਮਿਲੀਆਂ। ਜਦੋਂਕਿ ਅਕਾਲੀ ਦਲ ਨੂੰ ਇੱਕ ਸੀਟ ਨਾਲ 13.42 ਪ੍ਰਤੀਸ਼ਤ ਵੋਟਾਂ ਮਿਲੀਆਂ।
ਭਾਜਪਾ ਰਾਜ ਦੀਆਂ 13 ਵਿੱਚੋਂ 3 ਸੀਟਾਂ 'ਤੇ ਦੂਜੇ ਸਥਾਨ 'ਤੇ ਰਹੀ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 3 ਲੱਖ 1 ਹਜ਼ਾਰ 282 ਵੋਟਾਂ ਮਿਲੀਆਂ। ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ 2 ਲੱਖ 14 ਹਜ਼ਾਰ 60 ਵੋਟਾਂ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਰਹੇ। ਗੁਰਦਾਸਪੁਰ ਵਿੱਚ ਦਿਨੇਸ਼ ਕੁਮਾਰ ਬੱਬੂ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 2 ਲੱਖ 81 ਹਜ਼ਾਰ 182 ਵੋਟਾਂ ਪ੍ਰਾਪਤ ਹੋਈਆਂ।
ਇਸ ਵਾਰ ਜਿਵੇਂ ਹੀ ਲੈਂਡ ਪੂਲਿੰਗ ਨੀਤੀ ਸ਼ੁਰੂ ਹੋਈ ਤਾਂ ਭਾਜਪਾ ਨੇ ਤੁਰੰਤ ਇਸ ਮੌਕੇ ਦਾ ਫਾਇਦਾ ਉਠਾਇਆ। ਭਾਜਪਾ ਆਗੂਆਂ ਨੇ 18 ਜੁਲਾਈ ਨੂੰ ਚੰਡੀਗੜ੍ਹ ਕਿਸਾਨ ਭਵਨ ਵਿੱਚ ਕਿਸਾਨਾਂ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸਾਨਾਂ ਦਾ ਹਰ ਪੱਧਰ 'ਤੇ ਸਮਰਥਨ ਕਰਨ ਲਈ ਤਿਆਰ ਹਨ। ਜਦੋਂ ਕਿ ਆਮ ਆਦਮੀ ਪਾਰਟੀ ਨੇ ਇਸ ਮੀਟਿੰਗ ਵਿੱਚ ਦੂਰੀ ਬਣਾਈ ਰੱਖੀ।






















