Punjab Breaking News LIVE: ਲੁਧਿਆਣਾ ਤੇ ਸੰਗਰੂਰ 'ਚ ਦੋ ਭਿਆਨਕ ਹਾਦਸੇ, ਪੰਜਾਬ ਦਾ ਚੜ੍ਹਨ ਲੱਗਾ ਪਾਰਾ, ਦਸਤਾਰ 'ਤੇ ਟੋਪੀ ਲਈ ਚੰਨੀ ਨੇ ਮੰਗੀ ਮਾਫੀ?
Punjab Breaking News LIVE: ਖੰਨਾ ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਹਾਦਸਾ, ਪੰਜਾਬ ਦਾ ਚੜ੍ਹਨ ਲੱਗਾ ਪਾਰਾ, ਦਸਤਾਰ 'ਤੇ ਟੋਪੀ ਲਈ ਸਾਬਕਾ ਸੀਐਮ ਚੰਨੀ ਨੇ ਮੰਗੀ ਮਾਫੀ? , ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, ਸਰੀਏ ਵਾਲੇ ਟਰੱਕ ਨਾਲ ਟਕਰਾਈ ਬੱਸ
Background
Punjab Weather Update: ਪੰਜਾਬ ਵਿੱਚ ਸਰਦੀ ਦਾ ਮੌਸਮ ਆਖਰੀ ਦੌਰ ਵਿੱਚ ਹੈ। ਦਿਨ ਵੇਲੇ ਦਾ ਪਾਰਾ ਆਮ ਨਾਲੋਂ ਵਧਣ ਲੱਗਾ ਹੈ। ਉਂਝ ਈ ਇਲਾਕਿਆਂ ਵਿੱਚ ਧੁੰਦ ਪੈ ਰਹੀ ਹੈ ਪਰ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਤਾਪਮਾਨ ਹੋਰ ਉੱਪਰ ਜਾਏਗਾ। ਉਂਝ ਰਾਤ ਦਾ ਪਾਰਾ ਹੇਠਾਂ ਰਹਿ ਸਕਦਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਦੋਵੇਂ ਸੂਬਿਆਂ ਦੇ ਕਈ ਖਿੱਤਿਆਂ ਵਿੱਚ ਸੰਘਣੀ ਧੁੰਦ ਪਈ। ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਤੇ ਅੰਮ੍ਰਿਤਸਰ ਵਿੱਚ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ।
ਇਸੇ ਤਰ੍ਹਾਂ ਪਟਿਆਲਾ ’ਚ ਘੱਟੋ-ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਤੇ ਪਠਾਨਕੋਟ ਵਿੱਚ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਘੱਟੋ-ਘੱਟ 5.6 ਡਿਗਰੀ ਸੈਲਸੀਅਸ ਜੋ ਆਮ ਨਾਲੋਂ ਤਿੰਨ ਦਰਜੇ ਘੱਟ ਹੈ, ਰਿਕਾਰਡ ਕੀਤਾ ਗਿਆ। ਫਰੀਦਕੋਟ ’ਚ 10.4 ਡਿਗਰੀ ਸੈਲਸੀਅਸ ਤੇ ਗੁਰਦਾਸਪੁਰ ਵਿੱਚ 8 ਡਿਗਰੀ ਦਰਜ ਕੀਤਾ ਗਿਆ।
ਸ਼੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਗੁਰਦੁਆਰਾ ਬਣਾਉਣ ਖਿਲਾਫ ਮਰਨ ਵਰਤ
Sangrur News: ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਬਣਾਏ ਗਏ ਗੁਰਦੁਆਰੇ ਵਿੱਚ ਤਬਦੀਲੀ ਨਾ ਕਰਨ ਦੇ ਰੋਸ ਵਜੋਂ ਪੰਥਕ ਵਿਚਾਰ ਮੰਚ ਦੇ ਲੀਡਰ ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਆਪਣੇ ਪਿੰਡ ਫੱਗੂਵਾਲਾ ਵਿਚਲੇ ਘਰ ਵਿੱਚ ਹੀ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਜਥੇਦਾਰ ਫੱਗੂਵਾਲਾ ਨੇ ਪ੍ਰਣ ਲਿਆ ਕਿ ਜਦੋਂ ਤੱਕ ਗੁਰੂ ਘਰ ਦੀ ਇਮਾਰਤ ਵਿੱਚ ਤਬਦੀਲੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕੁਝ ਵੀ ਗ੍ਰਹਿਣ ਨਹੀਂ ਕਰਨਗੇ।
ਦਸਤਾਰ 'ਤੇ ਟੋਪੀ ਲਈ ਸਾਬਕਾ ਸੀਐਮ ਚੰਨੀ ਨੇ ਮੰਗੀ ਮਾਫੀ?
Punjab News: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਦਸਤਾਰ ’ਤੇ ਟੋਪੀ ਰੱਖਣ ਦੇ ਮਾਮਲੇ ਵਿੱਚ ਗਲਤੀ ਦੀ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧੀ ਇੱਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਪੱਤਰ ਉੱਪਰ ਚਰਨਜੀਤ ਸਿੰਘ ਚੰਨੀ ਦੇ ਦਸਤਖ਼ਤ ਹਨ ਤੇ ਇਹ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਗਿਆ ਹੈ।
ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਚੰਨੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਸ਼ਿਮਲਾ ਗਏ ਸਨ। ਉੱਥੇ ਉਨ੍ਹਾਂ ਨੂੰ ਸਨਮਾਨ ਵਜੋਂ ਇੱਕ ਸ਼ਾਲ ਤੇ ਹਿਮਾਚਲ ਦੀ ਰਵਾਇਤੀ ਟੋਪੀ ਭੇਟ ਕੀਤੀ ਗਈ ਸੀ। ਉਨ੍ਹਾਂ ਗ਼ਲਤੀ ਨਾਲ ਇਹ ਟੋਪੀ ਪਗੜੀ ’ਤੇ ਰੱਖ ਲਈ ਸੀ।
Kultar Singh Sandhwan: ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ 'ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੱਸਿਆ ਕਿ ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਹੋ ਰਹੀ ਲੁੱਟ-ਖਸੁੱਟ ਦਾ ਸਥਾਈ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਮਾਹਰਾਂ ਦੀ ਅਹਿਮ ਮੀਟਿੰਗ 21 ਫ਼ਰਵਰੀ ਨੂੰ ਸੱਦੀ ਗਈ ਹੈ। ਉਨ੍ਹਾਂ ਦੱਸਿਆ ਕਿ ਜਨਤਾ ਨੂੰ ਦਰਪੇਸ਼ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਦੀ ਲੜੀ ਤਹਿਤ ਇਸ ਭਖਦੇ ਮਸਲੇ ਬਾਰੇ ਇਹ ਵਿਚਾਰ ਚਰਚਾ ਉਲੀਕੀ ਗਈ ਹੈ ਕਿਉਂਕਿ ਇਹ ਆਮ ਧਾਰਣਾ ਹੈ ਕਿ ਦਵਾਈਆਂ ਦੀ ਉੱਚ ਐਮ.ਆਰ.ਪੀ. ਉਤੇ ਵਿਕਰੀ ਕਾਰਨ ਜਨਤਾ ਦੀ ਲੁੱਟ-ਖਸੁੱਟ ਹੋ ਰਹੀ ਹੈ ਅਤੇ ਦਵਾਈਆਂ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਲੋਕ ਹਿੱਤ ਨਾਲ ਜੁੜੀ ਇਸ ਸਮੱਸਿਆ ਦਾ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।
Ludhiana News: ਪ੍ਰੇਮਿਕਾ ਨਾਲ ਵਿਆਹ 'ਚ ਰੋੜਾ ਬਣਨ 'ਤੇ ਦੋਸਤ ਨਾਲ ਮਿਲ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ
ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇੱਥੇ ਇੱਕ ਪੁੱਤਰ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਉਸ ਨੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਅੰਬਾਲਾ ਨੇੜੇ ਪੰਜਾਬ-ਹਰਿਆਣਾ ਬਾਰਡਰ 'ਤੇ ਸੁੱਟ ਦਿੱਤੀ। ਸੂਤਰਾਂ ਮੁਤਾਬਕ ਵਿਆਹ ਨੂੰ ਲੈ ਕੇ ਪਿਓ-ਪੁੱਤਰ ਵਿਚਾਲੇ ਤਕਰਾਰ ਸੀ। ਪਿਤਾ ਆਪਣੇ ਪੁੱਤਰ ਦਾ ਵਿਆਹ ਕਿਸੇ ਹੋਰ ਲੜਕੀ ਨਾਲ ਕਰਵਾਉਣਾ ਚਾਹੁੰਦਾ ਸੀ ਜਦੋਂਕਿ ਬੇਟਾ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ 'ਤੇ ਅੜਿਆ ਹੋਇਆ ਸੀ।






















