Punjab Breaking News LIVE: ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਕਈ ਪ੍ਰਸਤਾਵਾਂ 'ਤੇ ਲੱਗੀ ਮੋਹਰ, ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਪਰਗਟ ਸਿੰਘ ਨੇ 'ਆਪ' ਨੂੰ ਘੇਰਿਆ
Punjab Breaking News LIVE: ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਕਈ ਪ੍ਰਸਤਾਵਾਂ 'ਤੇ ਲੱਗੀ ਮੋਹਰ, ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਪਰਗਟ ਸਿੰਘ ਨੇ 'ਆਪ' ਨੂੰ ਘੇਰਿਆ
LIVE
Background
Punjab News: ਆਮ ਆਦਮੀ ਪਾਰਟੀ ਵੱਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਖਿਲਾਫ ਐਕਸ਼ਨ ਦੇ ਸਟੈਂਡ ਨੂੰ ਸਹੀ ਕਰਾਰ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੀ ਸਾਹਮਣੇ ਆਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਸੂਬੇ ’ਚ ਗ਼ੈਰ ਸੰਵਿਧਾਨਕ ਢੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ।
ਦੱਸ ਦਈਏ ਕਿ ਸ਼ੁਰੂ ਵਿੱਚ ਸਿਆਸੀ ਪਾਰਟੀਆਂ ਇਸ ਐਕਸ਼ਨ ਬਾਰੇ ਖਾਮੋਸ਼ ਸੀ। ਕੁਝ ਖਾਲਿਸਤਾਨ ਪੱਖੀ ਧਿਰਾਂ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਨੇ ਇਸ ਐਕਸ਼ਨ ਦਾ ਵਿਰੋਧ ਕੀਤਾ ਸੀ। ਹੁਣ ਆਮ ਆਦਮੀ ਪਾਰਟੀ ਨੇ ਖੁੱਲ੍ਹ ਤੇ ਇਸ ਐਕਸ਼ਨ ਦੀ ਹਮਾਇਤ ਕੀਤੀ ਹੈ ਤਾਂ ਅਕਾਲੀ ਦਲ ਨੇ ਇਸ ਦੇ ਉਲਟ ਸਟੈਂਡ ਲਿਆ ਹੈ।
ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਪਰਗਟ ਸਿੰਘ ਨੇ 'ਆਪ' ਨੂੰ ਘੇਰਿਆ
'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ 'ਤੇ ਕਾਂਗਰਸੀ ਲੀਡਰ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ।
ਪਰਗਟ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਭ ਕੁਝ ਹੋਇਆ ਹੈ, ਉਸ ਤੋਂ ਸਪਸ਼ਟ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਭਾਜਪਾ ਨੂੰ ਸਥਾਪਤ ਕੀਤਾ ਜਾ ਰਿਹਾ ਹੈ। ਪਰਗਟ ਸਿੰਘ ਨੇ ਸਵਾਲ ਉਠਾਇਆ ਕਿ ਇੰਨੀ ਵੱਡੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਭੱਜਣ ਵਿੱਚ ਕਿਵੇਂ ਕਾਮਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਅਜਿਹਾ ਬਿਰਤਾਂਤ ਰਚਿਆ ਜਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ।
ਪੰਜਾਬ ਵਿਧਾਨ ਸਭਾ 'ਚ ਹੋਏਗਾ ਹੰਗਾਮਾ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕਈ ਪ੍ਰਸਤਾਵ ਪੇਸ਼ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਅੱਜ ਕਈ ਪ੍ਰਸਤਾਵਾਂ 'ਤੇ ਮੋਹਰ ਲੱਗ ਸਕਦੀ ਹੈ। ਇਨ੍ਹਾਂ ਵਿੱਚ ਐਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਉਣ ਲਈ ਬਿੱਲ ਪਾਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਬਿੱਲ 'ਤੇ ਵੀ ਮੋਹਰ ਲਗਾਈ ਜਾ ਸਕਦੀ ਹੈ।
Action Against Amritpal Singh: ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ LOC ਤੇ NBW ਜਾਰੀ
ਪੰਜਾਬ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਲੁੱਕਆਊਟ ਸਰਕੂਲਰ (ਐਲਓਸੀ) ਤੇ ਗੈਰ-ਜ਼ਮਾਨਤੀ ਵਾਰੰਟ (ਐਨਬੀਡਬਲਿਊ) ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਦੂਜੇ ਰਾਜ ਵਿੱਚ ਦੌੜ ਗਿਆ ਹੈ। ਉਹ ਉਥੋਂ ਵਿਦੇਸ਼ ਨਿਕਲ ਸਕਦਾ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਨਿਰੰਤਰ ਯਤਨ ਜਾਰੀ ਹਨ। ਇਸ ਕਾਰਵਾਈ ਵਿੱਚ ਪੰਜਾਬ ਪੁਲਿਸ ਦੂਜੇ ਰਾਜਾਂ ਤੇ ਕੇਂਦਰੀ ਏਜੰਸੀਆਂ ਦਾ ਸਹਿਯੋਗ ਲੈ ਰਹੀ ਹੈ।
Kangana Ranaut: ਕੰਗਨਾ ਨੇ ਪੰਜਾਬੀ ਅਦਾਕਾਰ ਤੇ ਗਾਇਕ ਨੂੰ ਚਿਤਾਵਨੀ ਦਿੱਤੀ
ਹਿੰਦੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਲਾਇਆ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ 'ਤੇ ਚੇਤਾਵਨੀ ਵੀ ਪੋਸਟ ਕੀਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸ ਨੇ ਲਿਖਿਆ, ਦਿਲਜੀਤ ਜੀ 'ਪੁਲਿਸ ਆ ਗਈ ਪੁਲਿਸ।’ ਕੰਗਨਾ ਨੇ ਟਵਿੱਟਰ ਤੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕੀਤੀ ਹੈ।
Halwara Airport : ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਂ ਉਤੇ ਰੱਖਣ ਲਈ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ
ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਂ ਉਤੇ ਰੱਖਣ ਲਈ ਅੱਜ ਪੰਜਾਬ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਗਿਆ ਹੈ। ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਰੱਖਣ ਲਈ ਵਿਧਾਨ ਸਭਾ ਵਿੱਚ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਵਿੱਚ ਕਿਹਾ ਕਿ ਜੂਨ ਮਹੀਨੇ ਦੇ ਦੂਜੇ ਹਫਤੇ ਤੱਕ ਹਲਵਾਰਾ ਏਅਰਪੋਰਟ ਤੋਂ ਫਲਾਈਟਾਂ ਉਡਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਏਅਰਪੋਰਟ ਸ਼ੁਰੂ ਹੋਣ ਨਾਲ ਲੁਧਿਆਣਾ ਦੇ ਵਪਾਰੀਆਂ ਨੂੰ ਵੱਡਾ ਲਾਭ ਹੋਵੇਗਾ। ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸ਼ਹਿਰੀ ਹਵਾਬਾਜ਼ੀ ਨੂੰ ਭੇਜਣ ਦਾ ਪ੍ਰਸਤਾਵ ਭੇਜਣ ਲਈ ਮਤਾ ਪਾਸ ਕੀਤਾ ਗਿਆ ਹੈ।
Quami Insaaf Morcha: ਪੁਲਿਸ ਨਹੀਂ ਕਰੇਗੀ ਕੌਮੀ ਇਨਸਾਫ਼ ਮੋਰਚਾ 'ਤੇ ਸਖਤੀ
ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਕੌਮੀ ਇਨਸਾਫ਼ ਮੋਰਚਾ ਵੱਲੋਂ ਦੋ ਮਹੀਨਿਆਂ ਤੋਂ ਚੱਲ ਰਿਹਾ ਧਰਨਾ ਹਟਾਉਣ ਦੀ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਮੁੜ ਸੁਣਵਾਈ ਹੋਵੇਗੀ। ਇਸ ਲਈ ਪੰਜਾਬ ਪੁਲਿਸ ਨੇ 21 ਮਾਰਚ ਨੂੰ ਹਾਈਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਅਮਨ-ਕਾਨੂੰਨ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਸੀ।
ਵਿਧਾਨ ਸਭਾ 'ਚ ਗੂੰਜਿਆ ਪੰਜਾਬ ਦੇ ਲਾਅ ਐਂਡ ਆਰਡਰ ਦਾ ਮੁੱਦਾ, ਕਾਂਗਰਸ ਵੱਲੋਂ ਵਾਕਆਊਟ
ਪੰਜਾਬ ਵਿਧਾਨ ਸਭਾ ਵਿੱਚ ਅੱਜ ਕਾਂਗਰਸ ਨੇ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਅੱਜ ਜਿਵੇਂ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਕਾਨੂੰਨ ਵਿਵਸਥਾ ’ਤੇ ਬਹਿਸ ਕਰਨ ਦੀ ਮੰਗ ਕੀਤੀ। ਇਸ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਸ ਬਾਰੇ ਮਤੇ ਨੂੰ ਨਾਮਨਜ਼ੂਰ ਕਰਨ ਤੋਂ ਬਾਅਦ ਕਾਂਗਰਸੀ ਵਿਧਾਇਕ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿਚਾਲੇ ਆ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ ਹੋਈ।