Punjab Budget 2023: ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਦੀਆਂ ਦੁਕਾਨਾਂ 'ਤੇ ਧੜੱਲੇ ਨਾਲ ਹੋ ਰਹੀ ਲੁੱਟ, ਵਿਧਾਨ ਸਭਾ 'ਚ ਵਿਧਾਇਕਾਂ ਨੇ ਖੁਦ ਹੀ ਖੋਲ੍ਹੀਆਂ ਪਰਤਾਂ
ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਦੀਆਂ ਦੁਕਾਨਾਂ ਉੱਪਰ ਧੜੱਲੇ ਨਾਲ ਲੁੱਟ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਵਿੱਚ ਇਹ ਖੁਲਾਸਾ ਸੱਤਾਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਖੁਦ ਹੀ ਕੀਤਾ।
Punjab Budget 2023: ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਦੀਆਂ ਦੁਕਾਨਾਂ ਉੱਪਰ ਧੜੱਲੇ ਨਾਲ ਲੁੱਟ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਵਿੱਚ ਇਹ ਖੁਲਾਸਾ ਸੱਤਾਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਖੁਦ ਹੀ ਕੀਤਾ। ਅਹਿਮ ਗੱਲ ਹੈ ਕਿ ਡਾਕਟਰੀ ਪੇਸ਼ੇ ਨਾਲ ਜੁੜੇ ਵਿਧਾਇਕਾਂ ਨੇ ਇਸ ਗੋਰਖਧੰਦੇ ਦੀਆਂ ਪਰਤਾਂ ਖੋਲ੍ਹੀਆਂ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਦਖਲ ਵੀ ਮੰਗਿਆ।
ਦਰਅਸਲ ਪੰਜਾਬ ਵਿਧਾਨ ਸਭਾ ’ਚ ਮਹਿੰਗੀਆਂ ਦਰਾਂ ’ਤੇ ਦਵਾਈਆਂ ਵੇਚੇ ਜਾਣ ਕਾਰਨ ਲੋਕਾਂ ਦੀ ਹੁੰਦੀ ਲੁੱਟ ਰੋਕਣ ਲਈ ਮਤਾ ਪਾਸ ਕੀਤਾ ਗਿਆ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਦਨ ਵਿੱਚ ਇਸ ਬਾਰੇ ਗੈਰ ਸਰਕਾਰੀ ਮਤਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਲੰਮੀ ਬਹਿਸ ਮਗਰੋਂ ਪਾਸ ਕੀਤਾ ਗਿਆ। ਸਦਨ ਨੇ ਰਾਜ ਸਰਕਾਰ ਨੂੰ ਮਤਾ ਪਾਸ ਕਰਕੇ ਸਿਫ਼ਾਰਸ਼ ਕੀਤੀ ਹੈ ਕਿ ਦਵਾਈਆਂ ਵਿੱਚ ਹੁੰਦੀ ਲੁੱਟ ਰੋਕਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ।
ਦੱਸ ਦਈਏ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਦਵਾਈਆਂ ਦੀ ਬੇਲੋੜੀ ਕੀਮਤ ਨੂੰ ਲੈ ਕੇ ਤੇ ਦਵਾਈਆਂ ਦੀ ਲੁੱਟ ਨੂੰ ਰੋਕਣ ਲਈ ਨਿੱਜੀ ਤੌਰ ’ਤੇ ਦਿਲਚਸਪੀ ਲਈ ਗਈ ਹੈ ਜਿਸ ਤਹਿਤ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਇੱਕ ਵਿਚਾਰ ਚਰਚਾ ਵੀ ਰੱਖੀ ਸੀ। ਸਦਨ ਵਿੱਚ ਖ਼ਾਸ ਤੌਰ ’ਤੇ ਡਾਕਟਰੀ ਕਿੱਤੇ ਨਾਲ ਜੁੜੇ ਵਿਧਾਇਕਾਂ ਨੇ ਆਪਣਾ ਪੱਖ ਪੇਸ਼ ਕੀਤਾ।
ਇਸ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ’ਚ ਮਹਿੰਗੇ ਇਲਾਜ ਨੇ ਲੋਕਾਂ ਨੂੰ ਕਰਜ਼ਾਈ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਲਾਸ਼ ਤੱਕ ਰੱਖ ਲਈ ਜਾਂਦੀ ਹੈ ਜਿਸ ਨੂੰ ਲੈਣ ਲਈ ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਾਈਵੇਟ ਸਿਹਤ ਸੇਵਾ ਨੂੰ ਸਰਕਾਰ ਰੈਗੂਲੇਟ ਕਰੇ। ਵਿਧਾਇਕ ਡਾ. ਸੁਖਵਿੰਦਰ ਕੁਮਾਰ ਨੇ ਇੱਕੋ ਸਾਲਟ ਦੀ ਜੈਨੇਰਿਕ ਤੇ ਬਰੈਂਡਡ ਦਵਾਈ ਦੇ ਰੇਟ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਜਿਸ ’ਚ ਵੱਡੀ ਲੁੱਟ ਹੁੰਦੀ ਹੈ। ਇੱਕ ਠੋਸ ਨੀਤੀ ਬਣੇ ਜੋ ਦਵਾਈਆਂ ਦੇ ਰੇਟ ਨੂੰ ਰੈਗੂਲੇਟ ਕਰੇ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਮਸ਼ਵਰਾ ਦਿੱਤਾ ਕਿ ਅਜਿਹੀ ਨੀਤੀ ਬਣੇ ਕਿ ਮੈਡੀਕਲ ਕਾਲਜਾਂ ਵਿੱਚ ਕੁਝ ਸੀਟਾਂ ਰਾਖਵੀਂਆਂ ਕਰਕੇ ਬਿਲਕੁਲ ਮੁਫ਼ਤ ਮੈਡੀਕਲ ਪੜ੍ਹਾਈ ਦੀ ਸਹੂਲਤ ਦਿੱਤੀ ਜਾਵੇ ਤੇ ਇਹ ਸੀਟਾਂ ਲੈਣ ਵਾਲੇ ਵਿਦਿਆਰਥੀਆਂ ਲਈ 15 ਸਾਲਾਂ ਵਾਸਤੇ ਸਰਕਾਰੀ ਸਰਵਿਸ ਲਾਜ਼ਮੀ ਕੀਤੀ ਜਾਵੇ। ਡਾ. ਰਾਜ ਕੁਮਾਰ ਨੇ ਬਹਿਸ ’ਚ ਹਿੱਸਾ ਲੈਂਦਿਆਂ ਕਿਹਾ ਕਿ ਸਸਤੀ ਦਵਾਈ ਦੇਣ ਵਾਸਤੇ ਜਨ ਔਸ਼ਧੀ ਸੈਂਟਰ ਹਰ ਜ਼ਿਲ੍ਹੇ ’ਚ ਖੋਲ੍ਹੇ ਜਾਣ।
ਡਾ. ਅਜੇ ਗੁਪਤਾ ਨੇ ਕਿਹਾ ਕਿ ਕਰੋਨਾ ਦੌਰਾਨ ਕਾਰਪੋਰੇਟ ਹਸਪਤਾਲਾਂ ਨੇ ਬਲੈਕਮੇਲਿੰਗ ਕੀਤੀ ਤੇ ਗ਼ਰੀਬਾਂ ਦੀ ਲੁੱਟ ਕੀਤੀ ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕਾਰਪੋਰੇਟ ਹਸਪਤਾਲਾਂ ਵਿੱਚ ਮੈਡੀਸਨ ਦੇ ਰੇਟ ਕਿਤੇ ਜ਼ਿਆਦਾ ਹਨ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ’ਚ ਪਾਰਕਿੰਗ ਦੇ ਨਾਮ ’ਤੇ ਵੀ ਗੁੰਡਾਗਰਦੀ ਹੁੰਦੀ ਹੈ। ਇੱਥੇ ਪਾਰਕਿੰਗ ਮੁਫ਼ਤ ਹੋਣੀ ਚਾਹੀਦੀ ਹੈ।
ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਨਸ਼ਾ ਛੁਡਾਊ ਕੇਂਦਰਾਂ ’ਚ ਨਸ਼ੇੜੀਆਂ ਨੂੰ ਲਗਾਤਾਰ ਦਿੱਤੀ ਜਾ ਰਹੀ ਗੋਲੀ ’ਤੇ ਵੀ ਕੰਟਰੋਲ ਕਰਨ ਵਾਸਤੇ ਕਿਹਾ। ਵਿਧਾਇਕ ਅਵਤਾਰ ਹੈਨਰੀ ਨੇ ਵੱਡੇ ਹਸਪਤਾਲਾਂ ’ਚ ਬਣੀਆਂ ਫਾਰਮੇਸੀਆਂ ਦੀ ਲੁੱਟ ਦੀ ਗੱਲ ਕੀਤੀ ਜਦੋਂਕਿ ਵਿਧਾਇਕ ਗੁਰਲਾਲ ਸਿੰਘ ਨੇ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਵਿਦੇਸ਼ੀ ਸਪਲੀਮੈਂਟਾਂ ਦੀ ਜਾਂਚ ਮੰਗੀ।
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਵਿੱਚ ਜ਼ਿਆਦਾਤਰ ਜਣੇਪੇ ਸਿਜ਼ੇਰੀਅਨ ਨਾਲ ਹੁੰਦੇ ਹਨ, ਉਨ੍ਹਾਂ ਹਸਪਤਾਲਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੱਟੀ ਹਲਕੇ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਮਿਸਾਲ ਦਿੱਤੀ ਜਿੱਥੇ ਇੱਕ ਪੱਲੇਦਾਰ ਰੇਹੜੀ ਵਿਚ ਆਪਣੀ ਪਤਨੀ ਨੂੰ ਜਣੇਪੇ ਲਈ ਲੈ ਕੇ ਗਿਆ। ਡਾਕਟਰ ਨੇ ਕਿਹਾ ਕਿ ਸਿਜ਼ੇਰੀਅਨ ਕਰਾਓ, ਨਹੀਂ ਤਾਂ ਮਾਂ ਬਚੇਗੀ ਜਾਂ ਫਿਰ ਬੱਚਾ। ਉਨ੍ਹਾਂ ਦੱਸਿਆ ਕਿ ਪੱਲੇਦਾਰ ਪਹੁੰਚ ਨਾ ਹੋਣ ਕਰਕੇ ਰੇਹੜੀ ਵਿਚ ਪਾ ਕੇ ਪਤਨੀ ਨੂੰ ਵਾਪਸ ਲਿਆ ਰਿਹਾ ਸੀ ਕਿ ਰਸਤੇ ਵਿੱਚ ਨਾਰਮਲ ਡਲਿਵਰੀ ਹੋ ਗਈ।
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਬਹਿਸ ਸਮੇਟਦਿਆਂ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਨੂੰ ਪਹਿਲਾਂ ਹੀ ਨਿਯਮਤ ਕੀਤਾ ਜਾ ਚੁੱਕਾ ਹੈ ਪ੍ਰੰਤੂ ਨਾਨ ਸ਼ਡਿਊਲਡ ਮੈਡੀਸਨ ਅਤੇ ਈ-ਫਾਰਮੇਸੀ ਨੂੰ ਨਿਯਮਤ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਸਸਤੀਆਂ ਦਵਾਈਆਂ ਲਈ ਜਨ ਔਸ਼ਧੀ ਕੇਂਦਰਾਂ ਨੂੰ ਚੰਗਾ ਬਦਲ ਦੱਸਿਆ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ ਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ ਤਾਂ ਜੋ ਮਰੀਜ਼ਾਂ ਨੂੰ ਕੁਦਰਤੀ ਢੰਗ ਨਾਲ ਵੀ ਠੀਕ ਕੀਤਾ ਜਾ ਸਕੇ।