ਭਗਵੰਤ ਮਾਨ ਦੇ ਮੰਤਰੀਆਂ ਨੂੰ ਮਹਿਕਮੇ ਵੰਡਣ 'ਤੇ ਫਸਿਆ ਪੇਚ, ਦੋ ਦਿਨ ਬਾਅਦ ਵੀ ਨਹੀਂ ਮਿਲੇ ਵਿਭਾਗ, ਜਾਣੋ ਕਿਸ-ਕਿਸ ਦੀ ਚਰਚਾ
ਚੰਡੀਗੜ੍ਹ: ਪੰਜਾਬ ਵਿੱਚ ਨਵੀਂ ਬਣੀ 'ਆਪ' ਦੀ ਸਰਕਾਰ ਦੇ 10 ਮੰਤਰੀਆਂ ਨੇ ਅਹੁਦੇ ਲਈ ਸਹੁੰ ਵੀ ਚੁੱਕ ਲਈ ਪਰ ਹਾਲੇ ਤੱਕ ਇਨ੍ਹਾਂ ਦੇ ਮੰਤਰਾਲੇ ਨੂੰ ਲੈ ਕੇ ਸਸ਼ੋਪੰਜ ਜਾਰੀ ਹੈ।
ਚੰਡੀਗੜ੍ਹ: ਪੰਜਾਬ ਵਿੱਚ ਨਵੀਂ ਬਣੀ 'ਆਪ' ਦੀ ਸਰਕਾਰ ਦੇ 10 ਮੰਤਰੀਆਂ ਨੇ ਅਹੁਦੇ ਲਈ ਸਹੁੰ ਵੀ ਚੁੱਕ ਲਈ ਪਰ ਹਾਲੇ ਤੱਕ ਇਨ੍ਹਾਂ ਦੇ ਮੰਤਰਾਲੇ ਨੂੰ ਲੈ ਕੇ ਸਸ਼ੋਪੰਜ ਜਾਰੀ ਹੈ। ਦੋ ਦਿਨ ਬੀਤ ਜਾਣ ਦੇ ਬਾਵਜੂਦ ਮੰਤਰੀਆਂ 'ਚ ਵਿਭਾਗਾਂ ਦੀ ਵੰਡ ਨਹੀਂ ਕੀਤੀ ਗਈ। ਹਾਲਾਂਕਿ ਸੰਭਾਵਨਾ ਹੈ ਕਿ ਅੱਜ ਇਨ੍ਹਾਂ ਮੰਤਰੀਆਂ ਨੂੰ ਵਿਭਾਗ ਦਿੱਤੇ ਜਾ ਸਕਦੇ ਹਨ।
ਸਭ ਤੋਂ ਵੱਧ ਚਰਚਾ ਸਿੱਖਿਆ ਤੇ ਸਿਹਤ ਮੰਤਰਾਲੇ ਨੂੰ ਲੈ ਕੇ ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਿਆਸੀ ਤਾਕਤ ਸਕੂਲ ਤੇ ਹਸਪਤਾਲ ਹਨ। ਅਜਿਹੇ 'ਚ ਇਸ ਗੱਲ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਕਿ ਇਹ ਵਿਭਾਗ ਕਿਸ ਨੂੰ ਸੌਂਪਿਆ ਜਾਵੇ।
ਸੂਤਰਾਂ ਅਨੁਸਾਰ ਪੰਜਾਬ ਵਿੱਚ ਗ੍ਰਹਿ ਯਾਨੀ ਪੁਲਿਸ, ਵਿਜੀਲੈਂਸ, ਮਾਈਨਿੰਗ, ਖੇਤੀਬਾੜੀ ਵਰਗੇ ਵੱਡੇ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿਣਗੇ। ਮਾਨ ਸਰਕਾਰ ਦੇ ਸਭ ਤੋਂ ਵੱਡੇ ਦਲਿਤ ਚਿਹਰੇ ਹਰਪਾਲ ਚੀਮਾ ਨੂੰ ਲੋਕਲ ਸਰਕਾਰ ਵਿਭਾਗ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਪਹਿਲੇ ਨੰਬਰ 'ਤੇ ਮੰਤਰੀ ਵਜੋਂ ਸਹੁੰ ਚੁੱਕੀ।
ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਮੰਤਰੀ ਬਣਾਏ ਗਏ ਬ੍ਰਹਮਸ਼ੰਕਰ ਜ਼ਿੰਪਾ ਨੂੰ ਉਦਯੋਗ ਵਿਭਾਗ ਮਿਲ ਸਕਦਾ ਹੈ। ਸਿੱਖਿਆ ਨੂੰ ਲੈ ਕੇ ਕੇਜਰੀਵਾਲ ਦੇ ਕਰੀਬੀ ਹਰਜੋਤ ਬੈਂਸ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਮਾਨਸਾ ਦੇ ਡਾਕਟਰ ਵਿਜੇ ਸਿੰਗਲਾ ਦਾ ਨਾਂ ਸਿਹਤ ਲਈ ਚਰਚਾ ਵਿੱਚ ਹੈ।
ਦੱਸ ਦਈਏ ਕਿ ਅਜੇ 10 ਮੰਤਰੀਆਂ ਨੇ ਹਲਫ ਲਿਆ ਹੈ ਅਤੇ 7 ਮੰਤਰੀਆਂ ਦੀ ਜਗ੍ਹਾ ਅਜੇ ਵੀ ਬਾਕੀ ਹੈ ਤੇ ਦੂਜੇ ਰਾਜਾਂ 'ਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਵੀ ਮੰਤਰਾਲਿਆਂ ਦੀ ਵੰਡ 'ਚ ਦੇਰੀ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਆਗਾਮੀ ਚੋਣਾਂ ਮੰਤਰੀਆਂ ਦੇ ਕੰਮਾਂ 'ਤੇ ਹੀ ਨਿਰਭਰ ਕਰਨਗੀਆਂ ਇਸ ਲਈ ਕਿਹੜੇ ਮੰਤਰੀ ਨੂੰ ਕਿਹੜਾ ਮੰਤਰਾਲਾ ਦੇਣਾ ਇਸ 'ਤੇ ਕਾਫੀ ਵਿਚਾਰ ਕੀਤਾ ਜਾ ਰਿਹਾ ਹੈ।