Lok Sabha: ਪੰਜਾਬ ਕਾਂਗਰਸ ਅੱਜ ਐਲਾਨ ਸਕਦੀ ਬਾਕੀ ਉਮੀਦਵਾਰ, ਚਾਰ ਸੀਟਾਂ 'ਤੇ ਨਾਮ ਹੋਏ ਫਾਇਨਲ
Punjab Congress: ਐਤਵਾਰ ਨੂੰ ਨਵੀਂ ਦਿੱਲੀ 'ਚ ਕਾਗਰਸ ਮੁਖੀ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ
Punjab Congress: ਪੰਜਾਬ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ 'ਚ ਚਾਰ ਸੀਟਾਂ 'ਤੇ ਸਥਿਤੀ ਸਪਸ਼ਟ ਹੋ ਗਈ ਹੈ। ਇਨ੍ਹਾਂ 'ਚ ਹੁਸ਼ਿਆਰਪੁਰ, ਫ਼ਰੀਦਕੋਟ, ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਖਡੂਰ ਸਾਹਿਬ ਸ਼ਾਮਲ ਹਨ, ਜਦਕਿ ਲੁਧਿਆਣਾ, ਫ਼ਿਰੋਜ਼ਪੁਰ ਤੇ ਗੁਰਦਾਸਪੁਰ ਸੀਟ 'ਤੇ ਰਾਇ ਨਹੀਂ ਬਣ ਸਕੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੋ ਕਿਸ਼ਤਾਂ 'ਚ ਆਪਣੀ ਸੂਚੀ ਜਾਰੀ ਕਰੇਗੀ। ਪਾਰਟੀ ਸੋਮਵਾਰ ਨੂੰ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਸਕਦੀ ਹੈ।
ਐਤਵਾਰ ਨੂੰ ਨਵੀਂ ਦਿੱਲੀ 'ਚ ਕਾਗਰਸ ਮੁਖੀ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੌਜੂਦ ਸਨ।
ਬੈਠਕ 'ਚ ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਪਵਨ ਆਦਿੱਤਿਆ ਤੇ ਯਾਮਿਨੀ ਗੋਮਰ ਦੇ ਨਾ 'ਤੇ ਵਿਚਾਰ ਕੀਤਾ ਗਿਆ। ਯਾਮਿਨੀ ਨੇ 2014 'ਚ ਹੁਸ਼ਿਆਰਪੁਰ ਤੋਂ ਆਮ ਆਦਮੀ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਸੀ ਤੇ ਤੀਜੇ ਸਥਾਨ 'ਤੇ ਰਹੀ ਸੀ। ਕਾਂਗਰਸ ਨੇ ਅਜੇ ਤੱਕ ਕਿਸੇ ਮਹਿਲਾ ਨੂੰ ਨਹੀਂ ਉਤਾਰਿਆ ਇਸ ਲਈ ਉਮੀਦ ਹੈ ਕਿ ਪਾਰਟੀ ਗੋਮਰ 'ਤੇ ਦਾਅ ਖੇਡ ਸਕਦੀ ਹੈ।
ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ, ਫ਼ਰੀਦਕੋਟ ਤੋਂ ਅਮਰਜੀਤ ਕੌਰ ਸਹੋਕੇ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਹਨ। ਅਮਰਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਸਹੋਕੇ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੇ ਸਨ।
ਬੈਠਕ 'ਚ ਲੁਧਿਆਣਾ, ਗੁਰਦਾਸਪੁਰ ਤੇ ਬਠਿੰਡਾ ਸੀਟ 'ਤੇ ਵੀ ਚਰਚਾ ਹੋਈ ਪਰ ਕੋਈ ਫ਼ੈਸਲਾ ਨਹੀਂ ਹੋ ਸਕਿਆ। ਹੁਣ ਇਨ੍ਹਾਂ ਤਿੰਨ ਸੀਟਾਂ 'ਚ ਉਮੀਦਵਾਰਾਂ ਦੀ ਚੋਣ ਬਾਰੇ ਸੀਈਸੀ ਦੀ ਅਗਲੀ ਬੇਠਕ 'ਚ ਵਿਚਾਰ-ਵਟਾਂਦਰਾ ਹੋਵੇਗਾ। ਛੇ ਸੀਟਾਂ 'ਤੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਕਾਂਗਰਸ ਜਲੰਧਰ ਤੇ ਪਟਿਆਲਾ 'ਚ ਬਗ਼ਾਵਤ ਝੱਲ ਰਹੀ ਹੈ।
ਜਲੰਧਰ 'ਚ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਭਾਜਪਾ 'ਚ ਸ਼ਾਮਲ ਹੋ ਚੁੱਕੀ ਹੈ ਜਦਕਿ ਉਨ੍ਹਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਸਖ਼ਤ ਵਿਰੋਧ ਕਰ ਰਹੇ ਹਨ।