Raja Warring will meet the Governor: ਨਵਜੋਤ ਸਿੱਧੂ ਮਗਰੋਂ ਹੁਣ ਰਾਜਪਾਲ ਨੂੰ ਮਿਲਣਗੇ ਰਾਜਾ ਵੜਿੰਗ, ਪਟਿਆਲਾ ਹਿੰਸਾ ਤੇ ਸਰਕਾਰ ਦੇ ਕੰਮਕਾਜ ਬਾਰੇ ਉਠਾਉਣਗੇ ਮੁੱਦੇ
Punjab Congress: ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਰਾਜਪਾਲ ਨਾਲ ਮੁਲਾਕਾਤ ਦੌਰਾਨ ਪਟਿਆਲਾ ਹਿੰਸਾ ਸਮੇਤ ਸੂਬਾ ਸਰਕਾਰ ਦੇ ਕੰਮਕਾਜ ਨਾਲ ਜੁੜੇ ਮੁੱਦੇ ਉਠਾਉਣਗੇ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਨੇਤਾ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਨੂੰ ਮਿਲਣਗੇ। ਅਹਿਮ ਗੱਲ ਹੈ ਕਿ ਜਿਸ ਦਿਨ ਰਾਜਾ ਵੜਿੰਗ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸੀ, ਉਸੇ ਸਮੇਂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਆਪਣੇ ਕੁਝ ਸਾਥੀਆਂ ਸਮੇਤ ਰਾਜਪਾਲ ਨੂੰ ਮਿਲਣ ਪਹੁੰਚੇ ਸੀ। ਉਸ ਵੇਲੇ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਨਹੀਂ ਸੀ। ਇਸ ਮਗਰੋਂ ਹੁਣ ਰਾਜਾ ਵੜਿੰਗ ਰਾਜਾਪਾਲ ਨੂੰ ਮਿਲ ਕੇ ਪੰਜਾਬ ਦੇ ਮੁੱਦੇ ਉਠਾਉਣਗੇ।
ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵੜਿੰਗ ਦੇ ਨਾਲ ਮੌਜੂਦ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਰਾਜਪਾਲ ਨਾਲ ਮੁਲਾਕਾਤ ਦੌਰਾਨ ਪਟਿਆਲਾ ਹਿੰਸਾ ਸਮੇਤ ਸੂਬਾ ਸਰਕਾਰ ਦੇ ਕੰਮਕਾਜ ਨਾਲ ਜੁੜੇ ਮੁੱਦੇ ਉਠਾਉਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਤਿਆਰ ਰਹਿਣ ਲਈ ਕਿਹਾ। ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਬਣਾਉਣ ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣ ਨਾ ਦੇਣ ਲਈ ਕਾਂਗਰਸ ਦੀ ਅਹਿਮ ਭੂਮਿਕਾ ਰਹੇਗੀ।
ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸੂਬਾ ਪੱਧਰੀ ਜਨ ਸੰਪਰਕ ਪ੍ਰੋਗਰਾਮ ਦਾ ਐਲਾਨ ਕਰਨਗੇ। ਕਾਂਗਰਸੀ ਵਰਕਰਾਂ ਨੂੰ ਉਨ੍ਹਾਂ ਤੱਕ ਨਹੀਂ ਪਹੁੰਚਣਾ ਪਵੇਗਾ ਸਗੋਂ ਵਾਰਡ/ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਉਨ੍ਹਾਂ ਦੇ ਘਰ ਪਹੁੰਚਣਾ ਹੋਵੇਗਾ। ਇਸ ਮੌਕੇ 'ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਵਜੋਂ ਕਾਂਗਰਸ ਪਾਰਟੀ ਦੀ ਭੂਮਿਕਾ ਹੋਰ ਵੀ ਅਹਿਮ ਹੈ ਕਿਉਂਕਿ 'ਆਪ' ਸਰਕਾਰ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਇਸ ਸਰਕਾਰ ਦੀਆਂ ਉਮੀਦਾਂ ਤੋਂ ਨਿਰਾਸ਼ ਹੋ ਗਏ ਹਨ। ਉਹ ਸਰਕਾਰ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਸੂਬਾ ਪੱਧਰੀ ਪ੍ਰੋਗਰਾਮ ਦਾ ਵੀ ਐਲਾਨ ਕਰਨਗੇ ਤਾਂ ਜੋ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਨਾ ਹਟੇ।
ਇਹ ਵੀ ਪੜ੍ਹੋ: Punjab Jobs: ਖੁਸ਼ਖਬਰੀ! ਪੰਜਾਬ 'ਚ ਮਿਲਣਗੀਆਂ ਸਰਕਾਰੀ ਨੌਕਰੀਆਂ, ਜਾਣੋ ਕਿਸ ਵਿਭਾਗ 'ਚ ਕਿੰਨੀਆਂ ਆਸਾਮੀਆਂ