ਪੰਜਾਬ 'ਚ ਪਿਛਲੇ ਸਾਲਾਂ ਨਾਲੋਂ ਕਤਲ ਕੇਸ ਘਟੇ, ਡੀਜੀਪੀ ਭਵਰਾ ਨੇ ਜਨਤਾ ਸਾਹਮਣੇ ਰੱਖੇ ਅੰਕੜੇ
ਚੰਡੀਗੜ੍ਹ: ਪੰਜਾਬ ਵਿੱਚ ਨਿੱਤ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਮਗਰੋਂ ਅੱਜ ਡੀਜੀਪੀ ਵੀਕੇ ਭਾਵੜਾ ਨੇ ਜਨਤਾ ਸਾਹਮਣੇ ਅੰਕੜੇ ਰੱਖਦਿਆਂ ਆਪਣਾ ਪੱਖ ਪੇਸ਼ ਕੀਤਾ ਹੈ।
ਚੰਡੀਗੜ੍ਹ: ਪੰਜਾਬ ਵਿੱਚ ਨਿੱਤ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਮਗਰੋਂ ਅੱਜ ਡੀਜੀਪੀ ਵੀਕੇ ਭਵਰਾ ਨੇ ਜਨਤਾ ਸਾਹਮਣੇ ਅੰਕੜੇ ਰੱਖਦਿਆਂ ਆਪਣਾ ਪੱਖ ਪੇਸ਼ ਕੀਤਾ ਹੈ। ਉਨ੍ਹਾਂ ਨੇ ਸੂਬੇ ਵਿੱਚ ਕਤਲਾਂ ਦੀ ਗਿਣਤੀ ਵਧਣ ਦੇ ਵਿਰੋਧੀ ਧਿਰ (ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ) ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਾਲ ਹੁਣ ਤੱਕ 158 ਕਤਲ ਹੋਏ ਹਨ ਜਦੋਂਕਿ 2021 ਤੇ 2020 ਵਿੱਚ ਇਹ ਅੰਕੜਾ ਕ੍ਰਮਵਾਰ 725 ਤੇ 757 ਸੀ।
ਡੀਜੀਪੀ ਭਵਰਾ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੀ ਮਾਸਿਕ ਔਸਤ 50 ਹੈ ਤੇ ਪਹਿਲਾਂ ਇਹ 65 ਤੋਂ 70 ਰਹਿੰਦੀ ਸੀ। ਉਨ੍ਹਾਂ ਕਿਹਾ, ‘‘ਮੈਂ ਨਹੀਂ ਕਹਿੰਦਾ ਕਿ ਇਹ ਖ਼ੁਸ਼ਗਵਾਰ ਹਾਲਾਤ ਹਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਘੱਟ ਹੈ। ਸਾਨੂੰ ਇਹ ਅੰਕੜਾ ਹੋਰ ਹੇਠਾਂ ਲਿਆਉਣ ਦੀ ਲੋੜ ਹੈ।’’
ਉਨ੍ਹਾਂ ਕਿਹਾ ਕਿ ਇਸ ਸਾਲ ਰਿਪੋਰਟ ਹੋਏ 158 ਕਤਲਾਂ ਵਿੱਚੋਂ 6 ਕੇਸਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਕੇਸਾਂ ਦੀ ਪੈੜ ਨੱਪੀ ਸੀ ਤੇ ਇਸ ਵਿੱਚ ਗੈਂਗਸਟਰਾਂ ਦੀ ਭੂਮਿਕਾ ਸੀਮਤ ਹੈ। ਸਾਨੂੰ ਪਤਾ ਹੈ ਕਿਸ ਨੇ ਰੇਕੀ ਕੀਤੀ ਤੇ ਕਿਸ ਨੇ ਗੋਲੀਆਂ ਚਲਾਈਆਂ। ਇਨ੍ਹਾਂ ਕੇਸਾਂ ਵਿਚ ਹੁਣ ਤੱਕ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੱਤ ਪਿਸਤੌਲਾਂ ਤੇ ਇੰਨੇ ਹੀ ਵਾਹਨ ਬਰਾਮਦ ਕੀਤੇ ਗਏ ਹਨ।’’
ਸੀਐਮ ਭਗਵੰਤ ਮਾਨ ਨੇ ਮੰਗਿਆ ਪੰਜਾਬੀਆਂ ਤੋਂ ਸਮਾਂ
ਪੰਜਾਬ ਅੰਦਰ ਅਮਨ-ਕਾਨੂੰਨ ਦੀ ਹਾਲਤ, ਨੌਕਰੀਆਂ ਤੇ ਬਿਜਲੀ ਮਾਫੀ ਸਣੇ ਕਈ ਮੁੱਦਿਆਂ ਉੱਪਰ ਖੂਬ ਅਲੋਚਨਾ ਹੋਣ ਤੋਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਤੋਂ ਸਮਾਂ ਮੰਗਿਆ ਹੈ। ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ਼ ਉੱਪਰ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਓ ਥੋੜ੍ਹਾ ਸਮਾਂ ਦਿਓ।
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਥੋੜ੍ਹਾ ਸਬਰ ਕਰੋ। ਕੋਈ ਵੀ ਅਜਿਹੀ ਚੀਜ਼ ਨਹੀਂ ਜੋ ਮੈਨੂੰ ਮੂੰਹ ਜ਼ੁਬਾਨੀ ਯਾਦ ਨਾ ਹੋਵੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਜਲਦਬਾਜ਼ੀ ਨਾ ਕਰੀਏ। ਥੋੜ੍ਹਾ ਸਮਾਂ ਤਾਂ ਲੱਗੇਗਾ। ਸਭ ਦੇ ਮਸਲੇ ਹੱਲ ਹੋਣਗੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਏਗਾ, ਜਿਸ ਦੀ ਨਹੀਂ ਸੁਣੀ ਜਾਏਗੀ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕਾਫੀ ਵਾਅਦੇ ਕੀਤੇ ਹਨ। ਬੇਸ਼ੱਕ ਸਰਕਾਰ ਬਣੀ ਨੂੰ ਅਜੇ ਕੁਝ ਸਮਾਂ ਹੀ ਹੋਇਆ ਹੈ ਪਰ ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸਬਰ ਰੱਖਣ ਦੀ ਨਸੀਹਤ ਦਿੱਤੀ ਹੈ।