Punjab Election: ਸਿੱਧੂ ਨੇ ਕੀਤਾ ਕਾਂਗਰਸ ਹਾਈਕਮਾਂਡ ਦੀ ਨੱਕ 'ਚ ਦਮ! ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਕੀਤਾ ਪੇਸ਼
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਚਾਹੁੰਦੇ ਹਨ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਮੁੱਖ ਮੰਤਰੀ ਉਮੀਦਵਾਰ ਦੇ ਨਾਂਅ ਦਾ ਐਲਾਨ ਕੀਤਾ ਜਾਵੇ। ਹਾਲਾਂਕਿ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਚਿਹਰੇ ਦਾ ਐਲਾਨ ਨਹੀਂ ਕਰੇਗੀ।
Punjab Assembly Election 2022: ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਟੀਮਾਂ ਇਸ ਦੀ ਤਿਆਰੀ 'ਚ ਲੱਗੀਆਂ ਹੋਈਆਂ ਹਨ। ਕਾਂਗਰਸ ਵੀ ਮੁੜ ਸੱਤਾ ਵਿੱਚ ਆਉਣ ਦੇ ਸੁਪਨੇ ਦੇਖ ਰਹੀ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਵਿੱਚ ਕਦੇ ਪਾਰਟੀ ਪ੍ਰਧਾਨ ਤੇ ਕਦੇ ਮੁੱਖ ਮੰਤਰੀ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਵਜੋਂ ਪੇਸ਼ ਕਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਅਤੇ ਉਨ੍ਹਾਂ ਦੇ ਪੰਜਾਬ ਮਾਡਲ ਵਿੱਚ ਵਿਸ਼ਵਾਸ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨਵੀਆਂ ਬੁਲੰਦੀਆਂ ਨੂੰ ਛੂਹੇਗਾ।
ਦੱਸ ਦਈਏ ਕਿ ਸਿੱਧੂ ਵੀਰਵਾਰ ਨੂੰ ਨੇੜਲੇ ਕਸਬਾ ਦੇਵੀਗੜ੍ਹ ਦੀ ਅਨਾਜ ਮੰਡੀ ਵਿਖੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ’ਤੇ ਕਾਬਜ਼ ਮਾਫੀਆ ਗਿਰੋਹਾਂ ਦਾ ਖਾਤਮਾ ਕਰਕੇ ਨਵਾਂ ਪੰਜਾਬ ਮਾਡਲ ਲਾਗੂ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਮਜੀਠੀਆ 'ਤੇ ਤੰਨਜ ਕੱਸਦਿਆਂ ਕਿਹਾ ਕਿ ਹੁਣ ਉਹ ਪੁਲਿਸ ਦੇ ਡਰੋਂ ਲੁਕ ਰਿਹਾ ਹੈ। ਪਰ ਉਹ ਵੀ ਮਜੀਠੀਆ ਨੂੰ ਸਜ਼ਾ ਮਿਲਣ ਤੱਕ ਆਰਾਮ ਨਹੀਂ ਕਰਨਗੇ। ਨਾਲ ਹੀ ਵਿਰੋਧੀ ਧੀਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਸਿੱਧੂ ਨੇ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ ਅਤੇ ਉਹ ਪੰਜਾਬ 'ਚ ਅਧਿਆਪਕਾਂ ਦੀ ਹਾਲਤ ਕਿਵੇਂ ਸੁਧਾਰ ਲੈਣਗੇ।
ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਹਿਕਾਰੀ ਨੀਤੀ ਲਾਗੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਪੰਜਾਬ ਮਾਡਲ ਤਹਿਤ ਸੂਬੇ ਭਰ ਵਿੱਚ ਕੋਲਡ ਸਟੋਰ ਸਥਾਪਿਤ ਕੀਤੇ ਜਾਣਗੇ। ਸੂਬੇ ਦੇ ਹਰ ਮਜ਼ਦੂਰ ਨੂੰ ਰਜਿਸਟਰਡ ਕੀਤਾ ਜਾਵੇਗਾ ਤਾਂ ਜੋ ਪੈਸੇ ਸਿੱਧੇ ਉਸ ਦੇ ਖਾਤੇ ਵਿੱਚ ਆ ਸਕਣ। ਨਾਲ ਹੀ ਠੇਕੇਦਾਰ ਆਪਣੀ ਮਰਜ਼ੀ ਅਨੁਸਾਰ ਠੇਕਾ ਕਰੇਗਾ ਪਰ ਕਿਸੇ ਵੀ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਦਿਹਾੜੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਇਸ ਬੈਂਕ ਨੇ ਗਲਤੀ ਨਾਲ ਹਜ਼ਾਰਾਂ ਖਾਤਿਆਂ 'ਚ ਭੇਜੇ 1300 ਕਰੋੜ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin