High Power Vigilance ਕਮੇਟੀ ਨੂੰ ਮਨੋਂ ਵਿਸਾਰੀ ਪੰਜਾਬ ਸਰਕਾਰ, ਨਾ ਕੋਈ ਮੀਟਿੰਗ ਤੇ ਨਾ ਹੀ ਲਿਸਟ ਕੀਤੀ ਅਪਡੇਟ, ਮ੍ਰਿਤਕਾਂ ਨੂੰ ਬਣਾਇਆ ਹੋਇਆ ਮੈਂਬਰ
High Power Vigilance Committee meeting - ਖਾਸ ਗੱਲ ਇਹ ਹੈ ਕਿ ਇਸ ਹਾਈ ਪਾਵਰ ਸਟੇਟ ਲੈਵਲ ਵਿਜੀਲੈਂਸ ਅਤੇ ਮਾਨਿਟਰਿੰਗ ਕਮੇਟੀ ਵਿੱਚ ਹੁਕਮਰਾਨ ਧਿਰ ਦੇ ਵਿਧਾਇਕਾਂ, ਮੰਤਰੀਆਂ ਤੋਂ ਇਲਾਵਾਂ ਕਾਂਗਰਸ ਤੇ ਅਕਾਲੀ ਦਲ ਦੇ ਨੁਮਾਇੰਦੇ ਵੀ ਸ਼ਾਮਲ
High Power Vigilance Committee - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣਾਈ ਗਈ ਹਾਈ ਪਾਵਰ ਸਟੇਟ ਲੈਵਲ ਵਿਜੀਲੈਂਸ ਅਤੇ ਮਾਨਿਟਰਿੰਗ ਕਮੇਟੀ ਸਰਕਾਰੀ ਵਿਚਾਰਾਂ 'ਚੋਂ ਦੂਰ ਜਾਂਦੀ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਇਸ ਕਮੇਟੀ ਦੀ ਮੀਟਿੰਗ ਕਰਨਾ ਹੀ ਭੁੱਲ ਗਈ ਹੈ। ਜਦੋਂ ਹਾਈ ਪਾਵਰ ਸਟੇਟ ਲੈਵਲ ਵਿਜੀਲੈਂਸ ਅਤੇ ਮਾਨਿਟਰਿੰਗ ਕਮੇਟੀ ਬਣਾਈ ਗਈ ਸੀ ਤਾਂ ਇਸ ਵਿੱਚ ਕਿਹਾ ਗਿਆ ਸੀ ਕਿ ਜਨਵਰੀ ਮਹੀਨੇ ਅਤੇ ਜੁਲਾਈ ਵਿੱਚ ਕਮੇਟੀ ਦੀ ਮੀਟਿੰਗ ਕਰਨਾ ਜ਼ਰੂਰੀ ਹੈ।
ਇਹ ਨੋਟੀਫਿਕੇਸ਼ਨ ਸਮਾਜਿਕ ਨਿਆਂ, ਅਧਿਕਾਰਤਾ ਵਿਭਾਗ ਦੁਆਰਾ 16 ਨਵੰਬਰ 2022 ਨੂੰ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ਅਨੁਸਾਰ ਜਨਵਰੀ ਅਤੇ ਜੁਲਾਈ 'ਚ ਕਮੇਟੀ ਦੀਆਂ ਮੀਟਿੰਗਾਂ ਹੋਣੀਆਂ ਸਨ ਪਰ ਅਜੇ ਤੱਕ ਕੋਈ ਬੈਠਕ ਕਰਵਾਉਣ ਦੇ ਮੂੜ ਵਿੱਚ ਸਰਕਾਰ ਦਿਖਾਈ ਨਹੀਂ ਰਹੀ।
ਖਾਸ ਗੱਲ ਇਹ ਹੈ ਕਿ ਇਸ ਹਾਈ ਪਾਵਰ ਸਟੇਟ ਲੈਵਲ ਵਿਜੀਲੈਂਸ ਅਤੇ ਮਾਨਿਟਰਿੰਗ ਕਮੇਟੀ ਵਿੱਚ ਹੁਕਮਰਾਨ ਧਿਰ ਦੇ ਵਿਧਾਇਕਾਂ, ਮੰਤਰੀਆਂ ਤੋਂ ਇਲਾਵਾਂ ਕਾਂਗਰਸ ਤੇ ਅਕਾਲੀ ਦਲ ਦੇ ਨੁਮਾਇੰਦੇ ਵੀ ਸ਼ਾਮਲ ਹਨ। ਕਮੇਟੀ ਦੀ ਬੈਠਕ ਨਾ ਸੱਦੇ ਜਾਣ ਕਰਕੇ ਵਿਰੋਧੀ ਧਿਰਾਂ ਦੇ ਲੀਡਰ ਕਾਫ਼ੀ ਨਾਰਾਜ਼ ਹਨ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਕਮੇਟੀ ਦੀਆਂ ਬੈਠਕਾਂ ਸੱਦਣੀ ਤਾਂ ਦੂਰ ਦੀ ਗੱਲ ਹੈ, ਕਮੇਟੀ ਵਿੱਚ ਸ਼ਾਮਲ ਮੈਂਬਰਾਂ ਦੇ ਨਾਮਾਂ ਨੂੰ ਵੀ ਅਪਗ੍ਰੇਡ ਨਹੀਂ ਕੀਤਾ ਗਿਆ। ਕਾਂਗਰਸ ਦੇ ਮਰਹੂਮ ਲੀਡਰ ਚੌਧਰੀ ਸੰਤੋਖ ਸਿੰਘ ਦਾ ਹਾਲੇ ਵੀ ਇਸ ਲਿਸਟ ਵਿੱਚ ਨਾਮ ਹੈ। ਸੰਤੋਖ ਚੌਧਰੀ ਦਾ ਦੇਹਾਂਤ 14 ਜਨਵਰੀ 2023 ਨੂੰ ਹੋਇਆ ਸੀ।
ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਕਮੇਟੀ ਦੇ ਚੇਅਰਮੈਨ, ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਤੋਂ ਇਲਾਵਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਡਾ. ਅਮਰ ਸਿੰਘ ਅਤੇ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੌਟਲੀ, ਬਲਵਿੰਦਰ ਸਿੰਘ ਧਾਲੀਵਾਲ, ਬਿਕਰਮਜੀਤ ਸਿੰਘ ਚੌਧਰੀ ਤੇ ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਰੁਪਿੰਦਰ ਸਿੰਘ ਬਸੀ ਪਠਾਣਾ, ਸਰਵਜੀਤ ਕੌਰ ਮਾਣੂਕੇ ਜਗਰਾਊ, ਹਾਕਮ ਸਿੰਘ ਠੇਕੇਦਾਰ ਰਾਏਕੋਟ, ਕੁਲਵੰਤ ਸਿੰਘ ਪੰਡੋਰੀ ਮਹਿਲ ਕਲਾਂ, ਡਾ ਚਰਨਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਜੀਵਨ ਸਿੰਘ ਸੰਘੋਵਾਲ ਗਿੱਲ, ਬਲਕਾਰ ਸਿੰਘ ਕਰਤਾਰਪੁਰ, ਪ੍ਰਿੰਸੀਪਲ ਬੁੱਧ ਰਾਮ ਬੁਢਲਾਡਾ, ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ ਬਤੌਰ ਮੈਂਬਰ ਸ਼ਾਮਲ ਹਨ।