Kisan Bhawan: ਮਾਨ ਸਰਕਾਰ ਸਿਰ ਕਿਸਾਨ ਭਵਨ ਦੀ ਪਈ ਦੇਣਦਾਰੀ, 30 ਸਾਲ ਪਹਿਲਾਂ ਲਏ ਸੀ ਕਮਰੇ, ਨਹੀਂ ਦਿੱਤਾ 5 ਕਰੋੜ ਰੁਪਏ ਕਰਾਇਆ
Kisan Bhawan Rs 5 crore : ਇਹ ਮਾਮਲਾ ਕਰੀਬ 30 ਸਾਲ ਪੁਰਾਣਾ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਦਾ ਦੌਰ ਸੀ ਤਾਂ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੇ NSG ਕਮਾਂਡੋਜ਼ ਨੂੰ ਰਹਿਣ ਦੇ ਲਈ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਕਮਰਾ ਦੇ ਦਿੱਤਾ ਸੀ
Kisan Bhawan Rs 5 crore - ਚੰਡੀਗੜ੍ਹ ਵਿੱਚ ਕਿਸਾਨ ਭਵਨ ਨੇ ਪੰਜਾਬ ਸਰਕਾਰ ਤੋਂ 5 ਕਰੋੜ ਰੁਪਏ ਦਾ ਕਿਰਾਇਆ ਵਸੂਲ ਕਰਨਾ ਹੈ। ਇਹ ਕਿਰਾਇਆ NSG ਕਮਾਂਡੋਜ਼ ਨੂੰ ਕਿਸਾਨ ਭਵਨ ਦੇ ਦੂਸਰੇ ਫਲੋਰ ਵਿੱਚ ਕਮਰੇ ਦੇਣ 'ਤੇ ਬਣਿਆ ਹੈ। ਹੁਣ ਇਹ ਦੇਣਦਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰ ਆ ਗਈ ਹੈ।
ਇਹ ਮਾਮਲਾ ਕਰੀਬ 30 ਸਾਲ ਪੁਰਾਣਾ ਹੈ। ਜਦੋਂ ਪੰਜਾਬ ਵਿੱਚ ਅੱਤਵਾਦ ਦਾ ਦੌਰ ਸੀ ਤਾਂ ਤਤਕਾਲੀ ਅਕਾਲੀ ਦਲ ਦੀ ਸਰਕਾਰ ਨੇ NSG ਕਮਾਂਡੋਜ਼ ਨੂੰ ਰਹਿਣ ਦੇ ਲਈ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਕਮਰਾ ਦੇ ਦਿੱਤਾ ਸੀ। ਜਿਸ ਦਾ ਕਰਾਇਆ ਕਰੀਬ 5 ਕਰੋੜ ਰੁਪਏ ਬਣ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਹੇਠ ਤਾਇਨਾਤ ਇਹ ਐਨਐਸਜੀ ਕਮਾਂਡੋ 30 ਸਾਲਾਂ ਤੋਂ ਕਿਸਾਨ ਭਵਨ ਵਿੱਚ ਰਹਿ ਰਹੇ ਸਨ। ਇਸ ਦੌਰਾਨ ਕਈ ਸਰਕਾਰਾਂ ਬਦਲੀਆਂ ਪਰ ਕਿਸੇ ਵੀ ਸਰਕਾਰ ਨੇ ਕਿਸਾਨ ਭਵਨ ਦਾ ਕਿਰਾਇਆ ਦੇਣ ਬਾਰੇ ਨਹੀਂ ਸੋਚਿਆ। ਕਿਉਂਕਿ ਇਹ ਸਰਕਾਰੀ ਮੁੱਦਾ ਸੀ, ਇਸ ਲਈ ਕਿਸਾਨ ਭਵਨ ਅਥਾਰਟੀ ਨੇ ਵੀ ਉਸ ਸਮੇਂ ਅਦਾਇਗੀ ਲਈ ਬਹੁਤਾ ਦਬਾਅ ਨਹੀਂ ਪਾਇਆ। ਕਿਸਾਨ ਭਵਨ ਦੀ ਮੁਰੰਮਤ ਕਰਨ ਕਰਕੇ ਐਨਐਸਜੀ ਕਮਾਂਡੋਜ਼ ਨੇ ਇਮਾਰਤ ਖਾਲੀ ਕਰ ਦਿੱਤੀ ਹੈ। ਹੁਣ ਕਿਸਾਨ ਭਵਨ ਅਥਾਰਟੀ ਮੌਜੂਦਾ ਸਰਕਾਰ ਤੋਂ ਅਦਾਇਗੀ ਦੀ ਮੰਗ ਕਰ ਰਹੀ ਹੈ।
ਕਿਸਾਨ ਭਵਨ ਵਿੱਚ, ਪੰਜਾਬ ਦੇ ਕਮਾਂਡੋਜ਼ ਲਈ ਇੱਕ ਡੀਲਕਸ ਕਮਰਾ ਸੀ। ਜੋ ਕਿ ਐਸਐਸਪੀਜ਼ ਲਈ ਰੱਖਿਆ ਗਿਆ ਸੀ। ਇਸ ਕਮਰੇ ਦਾ ਉਸ ਸਮੇਂ ਕਰਾਇਆ 1,350 ਰੁਪਏ ਪ੍ਰਤੀ ਦਿਨ ਸੀ। ਜਦੋਂ ਕਿ ਕਮਾਂਡੋਜ਼ ਲਈ 34 ਬੈੱਡ 150 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਬੁੱਕ ਕੀਤੇ ਗਏ ਸਨ।
ਜਿਸ ਦਾ ਕੁੱਲ ਕਰਾਇਆ ਪ੍ਰਤੀ ਦਿਨ 5100 ਰੁਪਏ ਬਣਦਾ ਸੀ। ਇਹ 34 ਬੈੱਡ ਡਾਰਮੇਟਰੀ ਵਿੱਚ ਲੱਗੇ ਹੋਏ ਸਨ। ਕਿਸਾਨ ਭਵਨ ਇਮਾਰਤ ਦੀ ਪੂਰੀ ਦੂਜੀ ਮੰਜ਼ਿਲ ਕਮਾਂਡੋਜ਼ ਲਈ ਹੀ ਬੁੱਕ ਕੀਤੀ ਗਈ ਸੀ। ਇਸ ਹਿਸਾਬ ਨਾਲ ਇਨ੍ਹਾਂ ਕਮਾਂਡੋਜ਼ ਦਾ ਰੋਜ਼ਾਨਾ ਰਹਿਣ ਦਾ ਕਿਰਾਇਆ 6,450 ਰੁਪਏ ਸੀ। ਇਹਨਾਂ ਸੁਰੱਖਿਆ ਕਰਮੀਆਂ ਲਈ ਖਾਣਾ ਬਾਹਰੋਂ ਆਉਂਦਾ ਸੀ।
ਪੰਜਾਬ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਦੋਂ ਕਿ ਇਹ ਫੈਸਲਾ ਪਿਛਲੀ ਬਾਦਲ ਸਰਕਾਰ ਨੇ ਲਿਆ ਸੀ। ਹੁਣ ਸਰਕਾਰ ਭੰਬਲਭੂਸੇ ਵਿੱਚ ਹੈ ਕਿ ਕਿਸ ਖਾਤੇ ਵਿੱਚ 5 ਕਰੋੜ ਰੁਪਏ ਅਦਾ ਕੀਤੇ ਜਾਣ। ਸਰਕਾਰ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਕਰਜ਼ਿਆਂ 'ਤੇ ਚੱਲ ਰਹੀ ਹੈ। ਦੂਜੇ ਪਾਸੇ ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ 5 ਕਰੋੜ ਰੁਪਏ ਦਾ ਕਿਰਾਇਆ ਵਸੂਲਣ ਨੂੰ ਲੈ ਕੇ ਚਰਚਾ ਕਰ ਰਹੇ ਹਨ।