ਪੰਜਾਬ 'ਚ ਕੰਟਰੈਕਟ ਵਰਕਰ ਹੋਣਗੇ ਪੱਕੇ, CM ਭਗਵੰਤ ਮਾਨ ਸਰਕਾਰ ਨੇ ਕਮੇਟੀ ਨੂੰ ਸੌਂਪਿਆ ਜ਼ਿੰਮਾ
ਪੰਜਾਬ ਵਿੱਚ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਲਈ ਸੀਐਮ ਭਗਵੰਤ ਮਾਨ ਨੇ ਇੱਕ ਕਮੇਟੀ ਬਣਾਈ ਹੈ, ਜੋ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਕਰੇਗੀ। ਇਸ ਦੀ ਅਗਵਾਈ ਖਜ਼ਾਨਾ ਵਿਭਾਗ ਦੇ ਡਾਇਰੈਕਟਰ ਮੁਹੰਮਦ ਤਇਅਬ ਕਰਨਗੇ।
ਚੰਡੀਗੜ੍ਹ: ਪੰਜਾਬ ਵਿੱਚ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਲਈ ਸੀਐਮ ਭਗਵੰਤ ਮਾਨ ਨੇ ਇੱਕ ਕਮੇਟੀ ਬਣਾਈ ਹੈ, ਜੋ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਕਰੇਗੀ। ਇਸ ਦੀ ਅਗਵਾਈ ਖਜ਼ਾਨਾ ਵਿਭਾਗ ਦੇ ਡਾਇਰੈਕਟਰ ਮੁਹੰਮਦ ਤਇਅਬ ਕਰਨਗੇ। ਕਮੇਟੀ ਵਿੱਚ ਉਪ ਸਕੱਤਰ ਅਨਿਲ ਗੁਪਤਾ, ਅੰਡਰ ਸੈਕਟਰੀ ਸਵਰਨਜੀਤ ਕੌਰ ਨੂੰ ਮੈਂਬਰ ਤੇ ਸੋਨਾ ਮਨਦੀਪ ਜਸਵੰਤ ਸਿੰਘ ਨੂੰ ਮੈਂਬਰ ਸਕੱਤਰ ਬਣਾਇਆ ਗਿਆ ਹੈ। ਮਾਨ ਸਰਕਾਰ ਨੇ ਪੰਜਾਬ ਵਿੱਚ 35,000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਚੁੱਕੀ ਹੈ।
ਦਰਅਸਲ 'ਚ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਅੰਦਰ ਸਰਕਾਰ ਬਣਦਿਆਂ ਹੀ CM ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਸੀ। ਹਾਲਾਂਕਿ ਇੱਕ ਮਹੀਨੇ ਦੀ ਸਰਕਾਰ 'ਚ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਹੋਇਆ। ਇਸ ਦੀ ਬਜਾਏ ਸਰਕਾਰ ਨੇ ਠੇਕੇ ਤੇ ਆਊਟਸੋਰਸਿੰਗ 'ਤੇ ਕੰਮ ਕਰਦੇ ਕਰਮਚਾਰੀਆਂ ਦਾ ਸੇਵਾ ਕਾਲ ਇੱਕ ਸਾਲ ਵਧਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਪੋਸਟਰ ਵੀ ਲਗਾਏ ਗਏ। ਹਾਲਾਂਕਿ ਇਹ ਫਾਈਲ ਰਾਜਪਾਲ ਦੇ ਦਫ਼ਤਰ ਵਿੱਚ ਹੀ ਅਟਕ ਗਈ। ਗਵਰਨਰ ਦਫਤਰ ਤੋਂ ਕੁਝ ਇਤਰਾਜ਼ ਵੀ ਹੋਏ ਪਰ ਚੰਨੀ ਸਰਕਾਰ ਉਨ੍ਹਾਂ ਨੂੰ ਦੂਰ ਨਹੀਂ ਕਰ ਸਕੀ।
ਦੱਸ ਦਈਏ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ 35,000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਹੈ ਪਰ ਇਸ ਵਿੱਚ ਕਾਨੂੰਨੀ ਅੜਿੱਕਾ ਹੈ ਸਕਦਾ ਹੈ। ਇਸ ਲਈ ਹੀ ਪੰਜਾਬ ਸਰਕਾਰ ਨੇ ਹਾਲ ਦੀ ਘੜੀ ਇਨ੍ਹਾਂ ਕੱਚੇ ਮੁਲਾਜ਼ਮਾਂ ਦਾ ਕੰਟਰੈਕਟ ਵਧਾ ਦਿੱਤਾ ਹੈ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ 35,000 ਮੁਲਾਜ਼ਮਾਂ ਨੂੰ ਪੱਕਾ ਹੋਣ ਲਈ ਅਜੇ ਉਡੀਕ ਕਰਨੀ ਪਵੇਗੀ।