Punjab Weather Update: ਰਜਾਈਆਂ ਕੱਢਣ ਦਾ ਆ ਗਿਆ ਵੇਲਾ ! ਫ਼ਰੀਦਕੋਟ 1 ਡਿਗਰੀ ਨਾਲ ਰਿਹਾ ਸਭ ਤੋਂ ਠੰਡਾ, ਸੀਤ ਲਹਿਰ ਲਈ ਯੈਲੋ ਅਲਰਟ ਜਾਰੀ
Punjab Weather Update: ਪੰਜਾਬ 'ਚ ਬੇਹੱਦ ਠੰਡ ਪੈ ਰਹੀ ਹੈ। ਇਸ ਦੌਰਾਨ ਸੀਤ ਲਹਿਰ ਕਾਰਨ ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਪਾਰਾ ਆਮ ਨਾਲੋਂ ਹੇਠਾਂ ਚਲਾ ਗਿਆ ਹੈ। ਸ਼ਨੀਵਾਰ ਨੂੰ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਰਿਹਾ।
Punjab Weather Update: ਸ਼ਨੀਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਦੀ ਇੱਕ ਹੋਰ ਗਿਰਾਵਟ ਦਰਜ ਕੀਤੀ ਗਈ। ਫਰੀਦਕੋਟ 1 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਿੱਚ ਪਾਰਾ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਐਤਵਾਰ ਨੂੰ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਦੇ ਕਰੀਬ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 24.4 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਕਿਹੋ ਜਿਹਾ ਰਿਹਾ ਮੌਸਮ ?
ਅੰਕੜਿਆਂ ਅਨੁਸਾਰ ਪੰਜਾਬ ਦੇ ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਗੁਰਦਾਸਪੁਰ ਵਿੱਚ 2.8 ਡਿਗਰੀ ਅਤੇ ਬਠਿੰਡਾ ਵਿੱਚ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੁਤਾਬਕ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ, ਲੁਧਿਆਣਾ 'ਚ 7.8 ਡਿਗਰੀ ਅਤੇ ਪਟਿਆਲਾ 'ਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਗੁਆਂਢੀ ਸੂਬੇ ਹਰਿਆਣਾ ਦੇ ਕਿਹੋ ਜਿਹਾ ਹਾਲ ?
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਹਰਿਆਣਾ ਦੇ ਕਰਨਾਲ ਵਿੱਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦੋਂ ਕਿ ਹਿਸਾਰ ਅਤੇ ਭਿਵਾਨੀ ਵਿੱਚ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਾਰਨੌਲ 'ਚ ਬਹੁਤ ਠੰਡ ਪੈ ਰਹੀ ਹੈ। ਉਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਸ਼ਮੀਰ 'ਚ ਬਰਫਬਾਰੀ ਤੋਂ ਬਾਅਦ ਠੰਢ ਨੇ ਫੜ੍ਹਿਆ ਜ਼ੋਰ
ਦੂਜੇ ਪਾਸੇ ਕਸ਼ਮੀਰ 'ਚ ਬਰਫਬਾਰੀ ਤੋਂ ਬਾਅਦ ਕਈ ਥਾਵਾਂ 'ਤੇ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਪਹਿਲਗਾਮ ਤੇ ਗੁਲਮਰਗ 'ਚ ਤਾਪਮਾਨ ਮਾਈਨਸ ਤੱਕ ਪਹੁੰਚਣ ਕਾਰਨ ਸੈਲਾਨੀਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰਾਜਧਾਨੀ ਦਿੱਲੀ 'ਚ ਦਿਨ ਵੇਲੇ ਧੁੱਪ ਨਿਕਲਣ ਕਾਰਨ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਪਰ ਇੱਥੇ ਵੀ ਸ਼ਾਮ ਅਤੇ ਰਾਤ ਨੂੰ ਠੰਡ ਆਪਣੀ ਚਰਮ ਸੀਮਾ 'ਤੇ ਪਹੁੰਚ ਜਾਂਦੀ ਹੈ। ਉਥੇ ਹੀ ਦਿੱਲੀ 'ਚ ਦਸੰਬਰ ਦੇ 15 ਦਿਨ ਬੀਤ ਜਾਣ ਤੋਂ ਬਾਅਦ ਵੀ ਦਿੱਲੀ ਦੇ ਲੋਕਾਂ ਨੇ ਸੀਤ ਲਹਿਰ ਦੇਖੀ ਨਹੀਂ ਹੈ।