ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਬਿੱਟੂ ਦੇ ਕਤਲ ਮਾਮਲੇ 'ਚ ਹਾਈਕੋਰਟ ਵੱਲੋਂ SIT ਗਠਿਤ ਕਰਨ ਦੇ ਹੁਕਮ , ADGP ਕਰਨਗੇ ਟੀਮ ਦੀ ਅਗਵਾਈ
ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਬਿੱਟੂ ਦੇ ਕਤਲ ਮਾਮਲੇ 'ਚ ਅਦਾਲਤ ਨੇ ਜਾਂਚ ਲਈ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਪ੍ਰਧਾਨਗੀ ਹੇਠ ਐਸਆਈਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਐਸਆਈਟੀ ਦੇ ਮੈਂਬਰ ਐਸਐਸਪੀ ਪੱਧਰ ਦੇ ਹੋਣੇ ਚਾਹੀਦੇ ਹਨ।
ਨਾਭਾ : ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਬਿੱਟੂ ਦੇ ਕਤਲ ਮਾਮਲੇ 'ਚ ਅਦਾਲਤ ਨੇ ਜਾਂਚ ਲਈ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਪ੍ਰਧਾਨਗੀ ਹੇਠ ਐਸਆਈਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਐਸਆਈਟੀ ਦੇ ਮੈਂਬਰ ਐਸਐਸਪੀ ਪੱਧਰ ਦੇ ਹੋਣੇ ਚਾਹੀਦੇ ਹਨ। ਹਾਈਕੋਰਟ ਨੇ ਇਸ ਕਤਲ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਸੀਬੀਆਈ ਜਾਂਚ ਦੀ ਮੰਗ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਮ੍ਰਿਤਕ ਦੀ ਪਤਨੀ ਸੰਤੋਸ਼ ਕੁਮਾਰੀ ਨੇ ਸੀਨੀਅਰ ਐਡਵੋਕੇਟ ਬਲਤੇਜ ਸਿੱਧੂ ਰਾਹੀਂ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਉਸ ਦੇ ਪਤੀ ਨੂੰ ਹਿਮਾਚਲ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਕੋਟਕਪੂਰਾ, ਫਰੀਦਕੋਟ ਵਿੱਚ 13 ਜੂਨ 2018 ਨੂੰ ਆਈਪੀਸੀ ਦੀ ਧਾਰਾ 295 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਿੱਟੂ ਨੂੰ ਇਸ ਕੇਸ ਵਿੱਚ ਫਸਾਇਆ ਗਿਆ ਸੀ, ਉਸ ਨੂੰ ਗ੍ਰਿਫ਼ਤਾਰ ਕਰਕੇ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਪਤਨੀ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਮ੍ਰਿਤਕ ਨੇ ਇਕ ਡਾਇਰੀ ਅਤੇ ਕੁਝ ਨੋਟ ਲਿਖੇ ਸਨ, ਜਿਸ ਵਿਚ ਉਸ ਨੇ ਪੂਰਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਉਸ ਨੂੰ ਕਈ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕੀਤਾ ਸੀ। ਹੁਣ ਪੁਲੀਸ ਨੇ ਉਸ ਦੇ ਪਤੀ ਦੇ ਕਤਲ ਦਾ ਅਧੂਰਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਨਹੀਂ ਕਰਨਾ ਚਾਹੁੰਦੀ। ਅਜਿਹੀ ਸਥਿਤੀ ਵਿੱਚ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ।
ਹਾਈਕੋਰਟ ਨੇ ਪਟੀਸ਼ਨਕਰਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਇਸ ਮਾਮਲੇ 'ਚ ਸੀਨੀਅਰ ਪੁਲਸ ਅਧਿਕਾਰੀਆਂ 'ਤੇ ਦੋਸ਼ ਹਨ, ਅਜਿਹੇ 'ਚ ਜਾਂਚ ਲਈ ਐੱਸਆਈਟੀ ਦਾ ਗਠਨ ਜ਼ਰੂਰੀ ਹੈ। ਐਸਆਈਟੀ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਮੈਂਬਰ ਐਸਐਸਪੀ ਦੇ ਰੈਂਕ ਤੋਂ ਹੇਠਾਂ ਨਹੀਂ ਹੋਣੇ ਚਾਹੀਦੇ। ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਐਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮੁੱਖ ਦੋਸ਼ੀ ਮਹਿੰਦਰ ਪਾਲ ਬਿੱਟੂ ਦਾ ਜੂਨ 2019 ਵਿੱਚ ਨਾਭਾ ਜੇਲ੍ਹ ਵਿੱਚ ਸਾਥੀ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜੂਨ 2019 'ਚ ਜੇਲ 'ਚ ਹੋਰ ਕੈਦੀਆਂ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਪਤਨੀ ਦਾ ਦੋਸ਼ ਹੈ ਕਿ ਉਸ ਦੇ ਪਤੀ ਦਾ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।