Republic Day 2023: ਗਣਤੰਤਰ ਦਿਵਸ ਦੀ ਪਰੇਡ ’ਚੋਂ ਪੰਜਾਬ ਗਾਇਬ, ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਦਾਅਵਾ
‘ਵਤਨ ਦੇ ਰਖਵਾਲੇ’ ਜੋ ਭਾਰਤੀ ਸੈਨਾ ਤੇ ਅੰਨਦਾਤੇ ਦੇ ਤੌਰ ’ਤੇ ਪੰਜਾਬ ਦੀ ਮਹੱਤਤਾ ਨੂੰ ਦਰਸਾ ਰਹੇ ਸਨ। ਦੂਜਾ ‘ਨਾਰੀ ਸ਼ਕਤੀ’ ਤਹਿਤ ਮਾਈ ਭਾਗੋ ਦੀ ਸੂਰਬੀਰਤਾ ਤੇ ਤੀਜਾ ਸਾਰਾਗੜ੍ਹੀ ਦੀ ਜੰਗ ਤਹਿਤ ਬਹਾਦਰੀ ਤੇ ਮਹਾਨ ਬਲੀਦਾਨਾਂ ਨਾਲ ਭਰੇ ਕਿੱਸਿਆਂ ਦੇ ਨਾਲ-ਨਾਲ ਆਜ਼ਾਦੀ ਸੰਘਰਸ਼ ਦੇ ਇਤਿਹਾਸ ਦੀਆਂ ਘਟਨਾਵਾਂ ਨਾਲ ਸਬੰਧਤ ਸੀ।
Republic Day 2023: ਅੱਜ ਗਣਤੰਤਰ ਦਿਵਸ ਦੀ ਪਰੇਡ ’ਚ ਪੰਜਾਬ ਦੀ ਕੋਈ ਝਾਕੀ ਪੇਸ਼ ਨਹੀਂ ਹੋਈ। ਇਸ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ। ਕੇਂਦਰ ਸਰਕਾਰ ਨੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲੋਂ ਹੀ ਕੁਤਾਹੀ ਹੋਈ ਹੈ। ਇਸ ਦਾ ਜਵਾਬ ਦਿੰਦਿਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ’ਤੇ ਦਿੱਲੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਝਾਕੀ ਰਾਹੀਂ ਹਿੱਸਾ ਲੈਣ ਲਈ ਤਿੰਨ ਵਿਸ਼ਿਆਂ ’ਤੇ ਪ੍ਰਸਤਾਵ ਭੇਜੇ ਸਨ।
ਉਨ੍ਹਾਂ ਕਿਹਾ ਕਿ ਪਹਿਲਾ ‘ਵਤਨ ਦੇ ਰਖਵਾਲੇ’ ਜੋ ਭਾਰਤੀ ਸੈਨਾ ਤੇ ਅੰਨਦਾਤੇ ਦੇ ਤੌਰ ’ਤੇ ਪੰਜਾਬ ਦੀ ਮਹੱਤਤਾ ਨੂੰ ਦਰਸਾ ਰਹੇ ਸਨ। ਦੂਜਾ ‘ਨਾਰੀ ਸ਼ਕਤੀ’ ਤਹਿਤ ਮਾਈ ਭਾਗੋ ਦੀ ਸੂਰਬੀਰਤਾ ਤੇ ਤੀਜਾ ਸਾਰਾਗੜ੍ਹੀ ਦੀ ਜੰਗ ਤਹਿਤ ਬਹਾਦਰੀ ਤੇ ਮਹਾਨ ਬਲੀਦਾਨਾਂ ਨਾਲ ਭਰੇ ਕਿੱਸਿਆਂ ਦੇ ਨਾਲ-ਨਾਲ ਆਜ਼ਾਦੀ ਸੰਘਰਸ਼ ਦੇ ਇਤਿਹਾਸ ਦੀਆਂ ਘਟਨਾਵਾਂ ਨਾਲ ਸਬੰਧਤ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬੀਆਂ ਦੇ ਬਲੀਦਾਨ ਨੂੰ ਖਾਰਜ ਕਰ ਦਿੱਤਾ ਹੈ।
ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਕੇਂਦਰ ਸਰਕਾਰ ਨੂੰ 3 ਮਹੱਤਵਪੂਰਨ ਵਿਸ਼ਿਆਂ ‘ਤੇ ਝਾਕੀਆਂ ਦੇ ਪ੍ਰਸਤਾਵ ਭੇਜੇ ਸੀ
— Bhagwant Mann (@BhagwantMann) January 25, 2023
1. ‘ਵਤਨ ਦੇ ਰਖਵਾਲੇ’ ਜੋ ਭਾਰਤੀ ਸੈਨਾ ਤੇ ਅੰਨਦਾਤੇ ਦੇ ਤੌਰ ‘ਤੇ ਪੰਜਾਬ ਦੀ ਮਹੱਤਤਾ ਨੂੰ ਦਰਸਾ ਰਹੇ ਸਨ
2. ‘ਨਾਰੀ ਸ਼ਕਤੀ’ ਤਹਿਤ ਮਾਈ ਭਾਗੋ ਜੀ ਦੀ ਸੂਰਬੀਰਤਾ ਦਿਖਾਉਂਦੇ
1/2
ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਦੀ ਪਰੇਡ ’ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਦੇ ਇਸ ਵਤੀਰੇ ਨੂੰ ਪੰਜਾਬ ਵਿਰੋਧੀ, ਅਣ-ਉਚਿਤ ਤੇ ਗ਼ੈਰਵਾਜਬ ਕਰਾਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਵਿੱਚ ਪੰਜਾਬ ਆਪਣੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਸੇ, ਮਹਾਨ ਸੱਭਿਆਚਾਰ ਤੇ ਭਾਰਤ ਦੇ ਇਤਿਹਾਸ ’ਚ ਆਪਣੇ ਅਹਿਮ ਯੋਗਦਾਨ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕਰਦਾ ਆ ਰਿਹਾ ਹੈ।
26Jan ਦੀ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਨਾ ਦੇਕੇ ਬੀਜੇਪੀ ਸਰਕਾਰ ਨੇ ਪੰਜਾਬ ਤੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ https://t.co/yh45aTiEon
— Bhagwant Mann (@BhagwantMann) January 25, 2023
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 90 ਫ਼ੀਸਦ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਰਸੇ, ਸੱਭਿਆਚਾਰ ਅਤੇ ਸ਼ਹੀਦਾਂ ਦੀ ਯਾਦਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਸੂਬਾ ਸਰਕਾਰ ਆਜ਼ਾਦੀ ਸੰਗਰਾਮ ’ਚ ਪੰਜਾਬੀਆਂ ਦੀ ਇਸ ਸ਼ਾਨਦਾਰ ਭੂਮਿਕਾ ਨੂੰ ਝਾਕੀ ਰਾਹੀਂ ਦਿਖਾਉਣਾ ਚਾਹੁੰਦੀ ਸੀ, ਪਰ ਕੇਂਦਰ ਨੇ ਪੰਜਾਬ ਨੂੰ ਆਪਣੀਆਂ ਪ੍ਰਾਪਤੀਆਂ ਦੁਨੀਆ ਨੂੰ ਦਿਖਾਉਣ ਦੀ ਇਜਾਜ਼ਤ ਨਾ ਦੇ ਕੇ ਡੂੰਘੀ ਸਾਜ਼ਿਸ਼ ਘੜੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ‘ਆਪ’ ਦੀ ਅਗਵਾਈ ਵਾਲੇ ਪੰਜਾਬ ਤੇ ਦਿੱਲੀ ਨੂੰ ਜਾਣ-ਬੁੱਝ ਕੇ ਪਰੇਡ ਤੋਂ ਬਾਹਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਇਸ ਤਰ੍ਹਾਂ ਦਾ ਪੱਖਪਾਤੀ ਸਲੂਕ ਅਤਿ ਨਿੰਦਣਯੋਗ ਅਤੇ ਅਸਹਿਣਯੋਗ ਹੈ। ਇਹ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਭਾਜਪਾ ਆਗੂ ਗਣਤੰਤਰ ਦਿਵਸ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਰੱਖਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਣਗੇ।