Basmati Prices Rise: ਕਿਸਾਨਾਂ ਨੂੰ ਬਾਸਮਤੀ ਕਰੇਗੀ ਮਾਲੋ-ਮਾਲ, ਕੀਮਤਾਂ ਮਾਰ ਰਹੀਆਂ ਛੜੱਪੇ, ਅਜੇ 10-12% ਹੋਰ ਵਧੇਗਾ ਰੇਟ
Basmati Prices Rise: ਬੇਸ਼ੱਕ ਹੜ੍ਹਾਂ ਕਰਕੇ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਇਸ ਵਾਰ ਬਾਸਮਤੀ ਦੇ ਰੇਟ ਰਿਕਾਰਡ ਤੋੜ ਰਹੇ ਹਨ। ਵਿਦੇਸ਼ਾਂ ਅੰਦਰ ਭਾਰਤੀ ਬਾਸਮਤੀ ਦੀ ਮੰਗ ਵਧਣ ਕਾਰਨ ਸ਼ੁਰੂਆਤੀ ਭਾਅ ਕਾਫੀ ਉੱਚੇ ਹਨ...

Basmati Prices Rise: ਬੇਸ਼ੱਕ ਹੜ੍ਹਾਂ ਕਰਕੇ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਇਸ ਵਾਰ ਬਾਸਮਤੀ ਦੇ ਰੇਟ ਰਿਕਾਰਡ ਤੋੜ ਰਹੇ ਹਨ। ਵਿਦੇਸ਼ਾਂ ਅੰਦਰ ਭਾਰਤੀ ਬਾਸਮਤੀ ਦੀ ਮੰਗ ਵਧਣ ਕਾਰਨ ਸ਼ੁਰੂਆਤੀ ਭਾਅ ਕਾਫੀ ਉੱਚੇ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿੱਚ ਬਾਸਮਤੀ ਦੇ ਰੇਟ ਹੋਰ ਚੜ੍ਹਨਗੇ। ਇਸ ਨਾਲ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਮਾਲੋ-ਮਾਲ ਹੋਣਗੇ।
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 3-4 ਮਹੀਨਿਆਂ ਵਿੱਚ ਬਾਸਮਤੀ ਦੀ ਕੀਮਤ 10-12% ਵਧ ਸਕਦੀ ਹੈ। ਚੌਲਾਂ ਦੇ ਉਤਪਾਦਨ ਵਿੱਚ ਪੰਜਾਬ ਦਾ 30% ਹਿੱਸਾ ਹੈ। ਬਾਰਸ਼ ਨਾਲ 17-18% ਚੌਲਾਂ ਦੀ ਫਸਲ ਨੂੰ ਨੁਕਸਾਨ ਹੋਵੇਗਾ। ਚੌਲਾਂ ਦੀ ਘਾਟ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਪੂਰੀ ਕੀਤੀ ਜਾਵੇਗੀ। ਭਾਰਤ ਪਹਿਲਾਂ 20-22 ਮਿਲੀਅਨ ਟਨ ਐਕਸਪੋਰਟ ਕਰਦਾ ਸੀ। ਇਸ ਵਾਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਭਾਰਤੀ ਬਾਸਮਤੀ ਚੌਲਾਂ ਦੀਆਂ ਕੀਮਤਾਂ ਉੱਚੀਆਂ ਹਨ। ਇਸ ਸਾਲ ਚੌਲਾਂ ਦੀ ਬਰਾਮਦ ਘੱਟ ਹੋਣ ਦੀ ਉਮੀਦ ਹੈ ਕਿਉਂਕਿ ਦੇਸ਼ ਵਿੱਚ ਲੋੜ ਤੋਂ ਵੱਧ ਚੌਲਾਂ ਦਾ ਸਟਾਕ ਹੈ। OMSS ਦਾ ਸਿਰਫ਼ 30 ਪ੍ਰਤੀਸ਼ਤ ਹੀ ਖਰੀਦਿਆ ਜਾ ਰਿਹਾ ਹੈ।
ਮਾਹਿਰਾਂ ਮੁਤਾਬਕ ਭਾਰਤ ਤੇ ਪਾਕਿਸਤਾਨ ਦੇ ਬਾਸਮਤੀ ਚੌਲ ਉਤਪਾਦਕ ਖੇਤਰਾਂ ਵਿੱਚ ਭਾਰੀ ਬਾਰਸ਼ ਤੇ ਭਿਆਨਕ ਹੜ੍ਹਾਂ ਨੇ ਪ੍ਰੀਮੀਅਮ ਚੌਲ ਬਾਸਮਤੀ ਦੇ ਉਤਪਾਦਨ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਨਤੀਜੇ ਵਜੋਂ ਸਪਲਾਈ ਦੀ ਕਮੀ ਦੇ ਡਰ ਕਾਰਨ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਖੁਸ਼ਬੂਦਾਰ ਬਾਸਮਤੀ ਚੌਲ ਜੋ ਮੁੱਖ ਤੌਰ 'ਤੇ ਸੰਯੁਕਤ ਰਾਜ, ਮੱਧ ਪੂਰਬ ਤੇ ਬ੍ਰਿਟੇਨ ਦੁਆਰਾ ਆਯਾਤ ਕੀਤਾ ਜਾਂਦਾ ਹੈ, ਸਿਰਫ ਭਾਰਤ ਤੇ ਪਾਕਿਸਤਾਨ ਵਿੱਚ ਉਗਾਇਆ ਜਾਂਦਾ ਹੈ। ਇਹ ਆਮ ਬਾਸਮਤੀ ਚੌਲਾਂ ਦੀ ਕੀਮਤ ਤੋਂ ਦੁੱਗਣੇ ਤੋਂ ਵੱਧ ਕੀਮਤ 'ਤੇ ਵਿਕਦਾ ਹੈ।
ਦਰਅਸਲ ਪੰਜਾਬ ਦੇ ਸਾਰੇ 23 ਜ਼ਿਲ੍ਹੇ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਹਨ। ਹੜ੍ਹ ਵਿੱਚ ਲਗਪਗ ਦੋ ਹਜ਼ਾਰ ਪਿੰਡ ਡੁੱਬ ਗਏ ਹਨ। 4 ਲੱਖ ਏਕੜ ਤੋਂ ਵੱਧ ਜ਼ਮੀਨ ਡੁੱਬ ਗਈ ਹੈ। ਝੋਨੇ ਦੀ ਖੇਤੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਬਾਸਮਤੀ ਚੌਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲਗਪਗ 30 ਲੱਖ ਹੈਕਟੇਅਰ ਵਿੱਚ ਝੋਨਾ ਉਗਾਇਆ ਜਾਂਦਾ ਹੈ। 1000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅੰਮ੍ਰਿਤਸਰ ਵਿੱਚ 75,000 ਏਕੜ ਫ਼ਸਲ ਡੁੱਬ ਗਈ ਹੈ। ਪੰਜਾਬ ਵਿੱਚ 296.4 ਮਿਲੀਮੀਟਰ ਜ਼ਿਆਦਾ ਬਾਰਸ਼ ਹੋਈ। ਲੱਖਾਂ ਏਕੜ ਫਸਲ ਤਬਾਹ ਹੋ ਗਈ। ਚੌਲਾਂ ਤੇ ਕਣਕ ਦੀਆਂ ਫ਼ਸਲਾਂ ਵਿੱਚ ਪੰਜਾਬ ਤੀਜੇ ਸਥਾਨ 'ਤੇ ਹੈ।
ਓਲਮ ਐਗਰੀ ਇੰਡੀਆ ਦੇ ਸੀਨੀਅਰ ਉਪ ਪ੍ਰਧਾਨ ਨਿਤਿਨ ਗੁਪਤਾ ਨੇ ਰਾਇਟਰਜ਼ ਨੂੰ ਦੱਸਿਆ ਕਿ ਹੜ੍ਹਾਂ ਨੇ ਬਾਸਮਤੀ ਚੌਲਾਂ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤ ਦੇ ਉੱਤਰੀ ਰਾਜ ਪੰਜਾਬ ਤੇ ਹਰਿਆਣਾ ਦੇਸ਼ ਦੇ ਕੁੱਲ ਬਾਸਮਤੀ ਚੌਲਾਂ ਦੇ ਉਤਪਾਦਨ ਵਿੱਚ 80% ਤੋਂ ਵੱਧ ਯੋਗਦਾਨ ਪਾਉਂਦੇ ਹਨ ਜਦੋਂਕਿ ਪਾਕਿਸਤਾਨ ਦਾ ਪੰਜਾਬ ਪ੍ਰਾਂਤ 90% ਤੋਂ ਵੱਧ ਉਤਪਾਦਨ ਕਰਦਾ ਹੈ। ਇਸ ਵਾਰ ਪਾਕਿਸਤਾਨੀ ਪੰਜਾਬ, ਭਾਰਤੀ ਪੰਜਾਬ ਤੇ ਹਰਿਆਣਾ ਵਿੱਚ ਹੜ੍ਹਾਂ ਦੀ ਮਾਰ ਪਈ ਹੈ। ਇਸ ਲਈ ਉਤਪਾਦਨ ਘਟਣ ਦੀ ਉਮੀਦ ਹੈ। ਇਸੇ ਲਈ ਬਾਸਮਤੀ ਦੀਆਂ ਕੀਮਤਾਂ ਛੜੱਪੇ ਮਾਰ ਰਹੀਆਂ ਹਨ।
ਮਾਹਿਰਾਂ ਮੁਤਾਬਕ ਅਗਸਤ ਦੇ ਅਖੀਰ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰੀ ਬਾਰਸ਼ ਕਾਰਨ ਰਾਵੀ, ਚਨਾਬ, ਸਤਲੁਜ ਤੇ ਬਿਆਸ ਨਦੀਆਂ ਵਿੱਚ ਹੜ੍ਹ ਆ ਗਿਆ। ਇਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਹੜ੍ਹ ਆ ਗਿਆ। ਇਨ੍ਹਾਂ ਦਰਿਆਵਾਂ ਦੇ ਵਿਚਾਲੇ ਹੀ ਬਾਸਮਤੀ ਦੀ ਕਾਸ਼ਤ ਹੁੰਦੀ ਹੈ। ਇੱਕ ਭਾਰਤੀ ਸਰਕਾਰੀ ਅਧਿਕਾਰੀ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਝੋਨਾ, ਕਪਾਹ ਤੇ ਦਾਲਾਂ ਸਮੇਤ ਲਗਪਗ 10 ਲੱਖ ਹੈਕਟੇਅਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਹੜ੍ਹਾਂ ਵਿੱਚ ਹਜ਼ਾਰਾਂ ਹੈਕਟੇਅਰ ਚੌਲ, ਮੱਕੀ, ਗੰਨਾ, ਸਬਜ਼ੀਆਂ ਤੇ ਕਪਾਹ ਦੀ ਫਸਲ ਡੁੱਬ ਗਈ। ਭਾਰਤ ਤੇ ਪਾਕਿਸਤਾਨ ਵਿੱਚ ਆਮ ਤੌਰ 'ਤੇ ਜੂਨ-ਜੁਲਾਈ ਵਿੱਚ ਝੋਨਾ ਲਗਾਇਆ ਜਾਂਦਾ ਹੈ ਤੇ ਕਟਾਈ ਸਤੰਬਰ ਦੇ ਅਖੀਰ ਵਿੱਚ ਸ਼ੁਰੂ ਹੁੰਦੀ ਹੈ। ਉਦਯੋਗ ਬੰਪਰ ਫਸਲ ਦੀ ਉਮੀਦ ਕਰ ਰਿਹਾ ਸੀ, ਪਰ ਨੁਕਸਾਨ ਨਾਲ ਸਪਲਾਈ ਘੱਟ ਹੋਣ ਤੇ ਬਾਸਮਤੀ ਚੌਲਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਮਹਾਰਿਾਂ ਮੁਤਾਬਕ ਪਾਕਿਸਤਾਨ ਵਿੱਚ ਉਗਾਏ ਜਾਣ ਵਾਲੇ ਬਾਸਮਤੀ ਚੌਲਾਂ ਦਾ 20% ਨੁਕਸਾਨ ਹੋਇਆ ਹੈ। ਇਸ ਨਾਲ ਸਥਾਨਕ ਬਾਜ਼ਾਰਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਬਾਸਮਤੀ ਚੌਲਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ। ਵਪਾਰੀਆਂ ਨੇ ਪਿਛਲੇ ਹਫ਼ਤੇ ਕੀਮਤਾਂ ਵਿੱਚ 50 ਡਾਲਰ ਪ੍ਰਤੀ ਟਨ ਦਾ ਵਾਧਾ ਕੀਤਾ ਹੈ। ਜੇਕਰ ਵਾਢੀ ਦੇ ਅੰਤ ਤੱਕ ਸਪਲਾਈ ਦੀ ਗੰਭੀਰ ਘਾਟ ਬਣੀ ਰਹਿੰਦੀ ਹੈ ਤਾਂ ਕੀਮਤਾਂ ਹੋਰ ਵੱਧ ਸਕਦੀਆਂ ਹਨ।
ਇੱਕ ਹੋਰ ਅਹਿਮ ਗੱਲ ਹੈ ਕਿ ਪਾਕਿਸਤਾਨ ਬਹੁਤ ਸਾਰੀਆਂ ਫਸਲਾਂ ਤੇ ਖੇਤੀਬਾੜੀ-ਭੋਜਨ ਉਤਪਾਦਾਂ ਦੇ ਵਪਾਰ ਵਿੱਚ ਭਾਰਤ ਦਾ ਵੱਡਾ ਪ੍ਰਤੀਯੋਗੀ ਹੈ। ਬਾਸਮਤੀ ਚੌਲ ਉਨ੍ਹਾਂ ਮੁੱਖ ਉਤਪਾਦਾਂ ਵਿੱਚੋਂ ਇੱਕ ਹੈ ਜਿਸ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਲਗਾਤਾਰ ਮੁਕਾਬਲਾ ਚੱਲ ਰਿਹਾ ਹੈ। ਪਰ ਇਸ ਸਾਲ ਭਾਰਤੀ ਬਾਸਮਤੀ ਚੌਲਾਂ ਨੇ ਵਿਦੇਸ਼ੀ ਬਾਜ਼ਾਰ ਵਿੱਚ ਪਾਕਿਸਤਾਨੀ ਬਾਸਮਤੀ ਚੌਲਾਂ ਨੂੰ ਪਛਾੜ ਦਿੱਤਾ ਹੈ। ਵਿਦੇਸ਼ੀ ਖਰੀਦਦਾਰ ਭਾਰਤੀ ਚੌਲਾਂ ਨੂੰ ਤਰਜੀਹ ਦੇ ਰਹੇ ਹਨ। ਇਸ ਸਾਲ ਯੂਰਪ ਨੇ ਭਾਰਤ ਤੋਂ ਵਧੇਰੇ ਬਾਸਮਤੀ ਚੌਲ ਖਰੀਦੇ ਹਨ ਕਿਉਂਕਿ ਪਾਕਿਸਤਾਨੀ ਬਾਸਮਤੀ ਭਾਰਤੀ ਚੌਲਾਂ ਨਾਲੋਂ ਲਗਪਗ 250 ਡਾਲਰ ਪ੍ਰਤੀ ਟਨ ਮਹਿੰਗੀ ਸੀ।
'ਬਿਜ਼ਨਸਲਾਈਨ' ਦੀ ਇੱਕ ਰਿਪੋਰਟ ਅਨੁਸਾਰ ਅਬਰੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਗ੍ਰਾਹਮ ਕਾਰਟਰ ਨੇ ਕਿਹਾ ਕਿ ਪਾਕਿਸਤਾਨੀ ਬਾਸਮਤੀ ਸਾਲ ਭਰ ਭਾਰਤੀ ਚੌਲਾਂ ਨਾਲੋਂ 250 ਡਾਲਰ ਪ੍ਰਤੀ ਟਨ ਤੋਂ ਵੱਧ ਮਹਿੰਗੀ ਸੀ, ਜਦੋਂਕਿ ਦੋ ਸਾਲ ਪਹਿਲਾਂ ਸਥਿਤੀ ਇਸ ਦੇ ਉਲਟ ਸੀ। ਉਦੋਂ ਭਾਰਤੀ ਬਾਸਮਤੀ ਪਾਕਿਸਤਾਨੀ ਬਾਸਮਤੀ ਨਾਲੋਂ ਲਗਪਗ 200 ਡਾਲਰ ਪ੍ਰਤੀ ਟਨ ਮਹਿੰਗੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਭਾਰਤੀ ਬਾਸਮਤੀ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਪੱਸ਼ਟ ਲੀਡ ਮਿਲੀ ਹੈ।
ਅਬਰੋ ਇੰਡੀਆ ਮਸ਼ਹੂਰ ਬ੍ਰਾਂਡ 'ਟਿਲਡਾ' ਦੇ ਤਹਿਤ ਬਾਸਮਤੀ ਚੌਲ ਵੇਚਦੀ ਹੈ। ਇਹ ਸਪੈਨਿਸ਼ ਬਹੁ-ਰਾਸ਼ਟਰੀ ਕੰਪਨੀ ਅਬਰੋ ਫੂਡਜ਼ ਐਸਏ ਦੀ ਇੱਕ ਇਕਾਈ ਹੈ। ਕੰਪਨੀ 60 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸਦਾ ਵਿਸ਼ਵਵਿਆਪੀ ਕਾਰੋਬਾਰ 3.2 ਬਿਲੀਅਨ ਯੂਰੋ ਤੋਂ ਵੱਧ ਹੈ। ਅਬਰੋ ਇੰਡੀਆ ਨੇ 2012 ਵਿੱਚ ਭਾਰਤ ਵਿੱਚ ਕੰਮ ਸ਼ੁਰੂ ਕੀਤਾ ਸੀ ਅਤੇ ਇੱਥੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਕਰਨ ਲਈ ਇੱਕ ਅਤਿ-ਆਧੁਨਿਕ ਪ੍ਰਯੋਗਸ਼ਾਲਾ ਵੀ ਬਣਾਈ ਹੈ।
ਕਾਰਟਰ ਨੇ ਕਿਹਾ ਕਿ ਟਿਲਡਾ ਬ੍ਰਾਂਡ ਦੀ ਮੰਗ ਯੂਰਪ ਤੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਕੰਪਨੀ ਭਾਰਤ ਤੋਂ ਸਿੱਧੇ ਤੌਰ 'ਤੇ ਅਮਰੀਕਾ, ਕੈਨੇਡਾ, ਕਤਰ, ਦੁਬਈ, ਸਾਊਦੀ ਅਰਬ ਤੇ ਅਫਰੀਕਾ ਸਮੇਤ ਕਈ ਥਾਵਾਂ 'ਤੇ ਨਿਰਯਾਤ ਕਰਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਭਾਰਤੀ ਬਾਸਮਤੀ ਦੀ ਖਪਤ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਟਿਲਡਾ ਬ੍ਰਿਟੇਨ ਦਾ ਨੰਬਰ ਇੱਕ ਚੌਲ ਬ੍ਰਾਂਡ ਹੈ ਤੇ ਇਸ ਦੀ ਪੂਰੀ ਦੁਨੀਆ ਵਿੱਚ ਇੱਕ ਮਜ਼ਬੂਤ ਪਛਾਣ ਹੈ।





















