Punjab News: ਠੰਢ ਨੇ ਲੋਕਾਂ ਦੀਆਂ ਵਧਾਈਆਂ ਮੁਸ਼ਕਲਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਾ! ਆਉਣ ਵਾਲੇ ਦਿਨਾਂ 'ਚ ਫਿਰ ਮੀਂਹ ਦੇ ਆਸਾਰ
ਸਾਲ ਦਾ ਪਹਿਲਾ ਮਹੀਨਾ ਲੰਘਣ ਨੂੰ ਹੈ, ਪਰ ਸਵੇਰੇ ਤੜਕੇ ਅਤੇ ਸ਼ਾਮ ਢਲਦੇ ਹੀ ਠੰਢ ਅਜੇ ਵੀ ਆਪਣਾ ਤੀਖਾ ਰੂਪ ਵਿਖਾ ਰਹੀ ਹੈ। ਇਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਦਿਹਾੜੀਦਾਰ ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਸਾਲ ਦਾ ਪਹਿਲਾ ਮਹੀਨਾ ਲੰਘਣ ਨੂੰ ਹੈ, ਪਰ ਸਵੇਰੇ ਤੜਕੇ ਅਤੇ ਸ਼ਾਮ ਢਲਦੇ ਹੀ ਠੰਢ ਅਜੇ ਵੀ ਆਪਣਾ ਤੀਖਾ ਰੂਪ ਵਿਖਾ ਰਹੀ ਹੈ। ਇਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਦਿਹਾੜੀਦਾਰ ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਨੇ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪਾਇਆ ਹੈ।
ਦੋ ਦਿਨ ਪਹਿਲਾਂ ਪਈ ਬਾਰਿਸ਼ ਨਾਲ ਸਮੌਗ ਅਤੇ ਧੁੰਦ ਤੋਂ ਕੁਝ ਹੱਦ ਤੱਕ ਰਾਹਤ ਮਿਲੀ ਸੀ, ਪਰ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਠੰਢੀਆਂ ਹਵਾਵਾਂ ਨੇ ਸਵੇਰੇ ਅਤੇ ਰਾਤ ਦੀ ਠੰਢ ਨੂੰ ਹੋਰ ਵਧਾ ਦਿੱਤਾ ਹੈ। ਹਾਲਾਂਕਿ ਦੁਪਹਿਰ ਸਮੇਂ ਧੁੱਪ ਖਿੜਨ ਕਾਰਨ ਲੋਕਾਂ ਨੂੰ ਠੰਢ ਤੋਂ ਕੁਝ ਬਚਾਅ ਮਿਲ ਰਿਹਾ ਹੈ। ਸਵੇਰੇ ਸੂਰਜ ਦੇ ਦਰਸ਼ਨ ਹੋਣ ਨਾਲ ਹੀ ਲੋਕਾਂ ਦੇ ਚਿਹਰਿਆਂ ‘ਤੇ ਰੌਣਕ ਆ ਜਾਂਦੀ ਹੈ ਅਤੇ ਕਈ ਲੋਕ ਧੁੱਪ ਸੇਂਕਦੇ ਹੋਏ ਵੀ ਨਜ਼ਰ ਆ ਰਹੇ ਹਨ।
ਉੱਧਰ ਲਗਾਤਾਰ ਵਧ ਰਹੀ ਠੰਢ ਦਾ ਕਾਰਨ ਪਿਛਲੇ ਦਿਨਾਂ ਦੌਰਾਨ ਪਹਾੜਾਂ ‘ਤੇ ਹੋਈ ਬਰਫ਼ਬਾਰੀ ਨੂੰ ਮੰਨਿਆ ਜਾ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋਣ ਦੇ ਪੂਰੇ ਆਸਾਰ ਹਨ ਅਤੇ ਜੇਕਰ ਪਹਾੜੀ ਇਲਾਕਿਆਂ ਵਿੱਚ ਫਿਰ ਤੋਂ ਬਰਫ਼ਬਾਰੀ ਹੁੰਦੀ ਹੈ ਤਾਂ ਪੰਜਾਬ ਦੇ ਸਾਰੇ ਮੈਦਾਨੀ ਖੇਤਰਾਂ ਵਿੱਚ ਠੰਢੀਆਂ ਤੇਜ਼ ਹਵਾਵਾਂ ਚੱਲਣ ਦਾ ਦੌਰ ਜਾਰੀ ਰਹੇਗਾ।
ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਾ
ਮਾਹਿਰਾਂ ਦਾ ਸਾਫ਼ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿੱਚ ਬਰਫ਼ੀਲੀਆਂ ਹਵਾਵਾਂ ਅਤੇ ਘਟਦੇ ਤਾਪਮਾਨ ਕਾਰਨ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮੌਸਮ ਦੇ ਬਦਲਾਅ ਨਾਲ ਖੰਘ, ਜ਼ੁਕਾਮ ਅਤੇ ਬੁਖ਼ਾਰ ਵਰਗੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਠੰਢ ਤੋਂ ਬਚਾਅ ਲਈ ਹਰ ਕੋਈ ਸਾਵਧਾਨ ਰਹੇ ਅਤੇ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸਾਵਧਾਨੀ ਵਰਤੇ।
ਠੰਢ ਦੇ ਮੱਦੇਨਜ਼ਰ ਲੋਕਾਂ ਵੱਲੋਂ ਗਰਮ ਕੱਪੜਿਆਂ ਦੀ ਖਰੀਦਦਾਰੀ ਤੇਜ਼ ਹੋ ਗਈ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਗਰਮ ਸਵੈਟਰ, ਜੈਕਟਾਂ, ਊਨੀ ਮਫ਼ਲਰ, ਦਸਤਾਨੇ, ਜੁੱਤੇ ਅਤੇ ਬੂਟਾਂ ਦੀ ਖੂਬ ਖਰੀਦਦਾਰੀ ਹੋ ਰਹੀ ਹੈ। ਬਾਜ਼ਾਰਾਂ ਵਿੱਚ ਊਨੀ ਕੱਪੜਿਆਂ ਅਤੇ ਗਰਮ ਪਹਿਨਾਵੇ ਦੀਆਂ ਦੁਕਾਨਾਂ ‘ਤੇ ਗਾਹਕਾਂ ਦੀ ਭੀੜ ਨਜ਼ਰ ਆ ਰਹੀ ਹੈ।
ਕੱਪੜੇ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਾਲ ਸਰਦੀ ਦੇ ਮੌਸਮ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਲੋਕਾਂ ਦੀ ਖਰੀਦਦਾਰੀ ਵਿੱਚ ਕਾਫ਼ੀ ਵਾਧਾ ਦੇਖਿਆ ਜਾ ਰਿਹਾ ਹੈ। ਠੰਢ ਤੋਂ ਬਚਾਅ ਲਈ ਕਈ ਲੋਕ ਗਰਮ ਪੇਅ ਪਦਾਰਥਾਂ ਦਾ ਸੇਵਨ ਕਰ ਰਹੇ ਹਨ ਅਤੇ ਸਰਦੀ ਤੋਂ ਬਚਣ ਲਈ ਘਰੇਲੂ ਨੁਸਖਿਆਂ ਨੂੰ ਵੀ ਅਪਣਾ ਰਹੇ ਹਨ।
ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖੋ
ਸਰਦੀ ਦੇ ਮੌਸਮ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਬੱਚਿਆਂ ਦਾ ਸਰੀਰ ਜ਼ਿਆਦਾ ਠੰਢ ਸਹਿਣ ਯੋਗ ਨਹੀਂ ਹੁੰਦਾ, ਜਦਕਿ ਬਜ਼ੁਰਗਾਂ ‘ਤੇ ਠੰਢ ਦਾ ਪ੍ਰਭਾਵ ਸਿਹਤ ‘ਤੇ ਵਧੇਰੇ ਪੈਂਦਾ ਹੈ। ਇਸ ਦੌਰਾਨ ਸਰਦੀ-ਜ਼ੁਕਾਮ, ਬੁਖ਼ਾਰ, ਦਮਾ, ਖੰਘ ਅਤੇ ਹੋਰ ਸਾਂਹ ਨਾਲ ਸੰਬੰਧਿਤ ਬਿਮਾਰੀਆਂ ਵੱਧਣ ਦਾ ਖ਼ਤਰਾ ਰਹਿੰਦਾ ਹੈ।
ਡਾਕਟਰਾਂ ਦੇ ਅਨੁਸਾਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮ ਕੱਪੜੇ ਪਹਿਨਾਉਣਾ ਅਤੇ ਉਨ੍ਹਾਂ ਨੂੰ ਠੰਢ ਤੋਂ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਘਰਾਂ ਵਿੱਚ ਤਾਪਮਾਨ ਸੰਤੁਲਿਤ ਰੱਖਣਾ, ਗਰਮ ਪਾਣੀ ਪੀਣ ਲਈ ਦੇਣਾ ਅਤੇ ਬਾਹਰੀ ਸਰਗਰਮੀਆਂ ਤੋਂ ਬਚਾਉਣਾ ਚਾਹੀਦਾ ਹੈ। ਜੇ ਸਰਦੀ-ਜ਼ੁਕਾਮ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਇਲਾਜ ਕਰਵਾਉਣਾ ਵੀ ਲਾਜ਼ਮੀ ਹੈ, ਤਾਂ ਜੋ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਲਗਾਤਾਰ ਵਧ ਰਹੀ ਠੰਢ ਕਾਰਨ ਗਰਮ ਕੱਪੜਿਆਂ, ਕੰਬਲਾਂ, ਹੀਟਰਾਂ ਅਤੇ ਬਲੋਅਰਾਂ ਵਰਗੀਆਂ ਚੀਜ਼ਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਦੂਜੇ ਪਾਸੇ ਫਲ, ਸਬਜ਼ੀਆਂ ਅਤੇ ਹੋਰ ਸਮਾਨ ਦੀ ਵਿਕਰੀ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਦੌਰਾਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ।
ਘਰ ਤੋਂ ਬਾਹਰ ਨਿਕਲਣ ਸਮੇਂ ਸਾਵਧਾਨੀ ਵਰਤੋਂ
ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿੱਚ ਜੇ ਬਾਹਰ ਜਾਣਾ ਬਹੁਤ ਜ਼ਰੂਰੀ ਹੋਵੇ ਤਾਂ ਪੂਰੀ ਤਰ੍ਹਾਂ ਗਰਮ ਕੱਪੜੇ ਪਹਿਨੋ ਅਤੇ ਚਿਹਰਾ, ਹੱਥ ਤੇ ਪੈਰ ਢੱਕ ਕੇ ਰੱਖੋ। ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਢ ਵਿੱਚ ਘਰ ਤੋਂ ਬਾਹਰ ਭੇਜਣ ਤੋਂ ਬਚਾਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦਾ ਸਰੀਰ ਠੰਢ ਨੂੰ ਆਸਾਨੀ ਨਾਲ ਸਹਾਰ ਨਹੀਂ ਸਕਦਾ। ਸਰਦੀ ਵਿੱਚ ਲੰਮੇ ਸਮੇਂ ਤੱਕ ਬਾਹਰ ਰਹਿਣਾ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘੱਟ ਹੋ ਸਕਦਾ ਹੈ ਅਤੇ ਇਮਿਊਨਿਟੀ ‘ਤੇ ਵੀ ਮਾੜਾ ਅਸਰ ਪੈਂਦਾ ਹੈ।
ਠੰਢ ਫਸਲਾਂ ਲਈ ਫਾਇਦੇਮੰਦ
ਜਿੱਥੇ ਇਕ ਪਾਸੇ ਸਰਦੀ ਦੇ ਮੌਸਮ ਵਿੱਚ ਲੋਕਾਂ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਇਹ ਮੌਸਮ ਫਸਲਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਠੰਢ ਫਸਲਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ, ਕਿਉਂਕਿ ਇਸ ਦੌਰਾਨ ਫਸਲਾਂ ਦੀ ਵਾਧਾ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਉਨ੍ਹਾਂ ਦੀ ਗੁਣਵੱਤਾ ਵੀ ਸੁਧਰਦੀ ਹੈ। ਸਰਦੀ ਵਿੱਚ ਫਸਲਾਂ ਦੀ ਵਧੱਤਰ ਦੀ ਰਫ਼ਤਾਰ ਹੌਲੀ ਹੋ ਜਾਣ ਨਾਲ ਫਸਲ ਹੋਰ ਮਜ਼ਬੂਤ ਬਣਦੀ ਹੈ ਅਤੇ ਕੀੜਿਆਂ ਤੇ ਰੋਗਾਂ ਤੋਂ ਵੀ ਬਚਾਅ ਰਹਿੰਦਾ ਹੈ। ਖੇਤੀਬਾੜੀ ਮਾਹਿਰਾਂ ਮੁਤਾਬਕ ਇਹ ਮੌਸਮ ਫਸਲਾਂ ਦੇ ਵਿਕਾਸ ਲਈ ਆਦਰਸ਼ ਮੰਨਿਆ ਜਾਂਦਾ ਹੈ, ਕਿਉਂਕਿ ਇਹ ਉਨ੍ਹਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।






















