Punjab News: ਕਿਸਾਨਾਂ ਦਾ ਵੱਡਾ ਐਕਸ਼ਨ! ਸਰਕਾਰ ਕੋਲੋਂ ਖੋਹ ਲਈ ਐਕੁਆਇਰ ਕੀਤੀ ਜ਼ਮੀਨ
Punjab News: ਪੰਜਾਬ ਦੇ ਕਿਸਾਨ ਜ਼ਮੀਨਾਂ ਐਕੁਆਇਰ ਕਰਨ ਖਿਲਾਫ ਡਟ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਕਿਸਾਨ ਸਰਕਾਰ ਨੂੰ ਦਿੱਤੀਆਂ ਜ਼ਮੀਨਾਂ ਵੀ ਖੋਹਣ ਲੱਗੇ ਹਨ। ਅਜਿਹਾ ਹੀ ਮਾਮਲਾ ਸ਼ਾਹਕੋਟ ਵਿੱਚ ਸਾਹਮਣੇ ਆਇਆ।

Punjab News: ਪੰਜਾਬ ਦੇ ਕਿਸਾਨ ਜ਼ਮੀਨਾਂ ਐਕੁਆਇਰ ਕਰਨ ਖਿਲਾਫ ਡਟ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਕਿਸਾਨ ਸਰਕਾਰ ਨੂੰ ਦਿੱਤੀਆਂ ਜ਼ਮੀਨਾਂ ਵੀ ਖੋਹਣ ਲੱਗੇ ਹਨ। ਅਜਿਹਾ ਹੀ ਮਾਮਲਾ ਸ਼ਾਹਕੋਟ ਵਿੱਚ ਸਾਹਮਣੇ ਆਇਆ। ਇੱਥੇ ਨਵੀਂ ਦਾਣਾ ਮੰਡੀ ਕਸਬੇ ’ਚੋਂ ਬਾਹਰ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਪਿੰਡ ਕੋਟਲੀ ਗਾਜਰਾਂ ਦੇ 33 ਕਿਸਾਨਾਂ ਦੀ ਐਕੁਆਇਰ ਕੀਤੀ 30 ਏਕੜ 4 ਕਨਾਲ 12 ਮਰਲੇ ਜ਼ਮੀਨ ’ਤੇ ਕਿਸਾਨਾਂ ਵੱਲੋਂ ਮੁੜ ਕਰਜ਼ਾ ਕਰ ਲਿਆ ਗਿਆ।
ਦਰਅਸਲ ਸੋਮਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਤੇ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਐਕੁਆਇਰ ਜ਼ਮੀਨ ਉਪਰ ਮੁੜ ਕਬਜ਼ਾ ਕਰ ਲਿਆ। ਪਿਛਲੇ ਹਫ਼ਤੇ ਪ੍ਰਸ਼ਾਸਨ ਤੇ ਪੁਲਿਸ ਨੇ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਲੈ ਕੇ ਕੰਡਿਆਲੀ ਤਾਰ ਲਾਉਣ ਮਗਰੋਂ ‘ਮੰਡੀ ਬੋਰਡ ਦੀ ਜ਼ਮੀਨ ਹੈ’ ਦੇ ਬੋਰਡ ਵੀ ਲਾ ਦਿੱਤੇ ਸਨ।
ਸੋਮਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੈਂਕੜੇ ਵਰਕਰ ਟਰੈਕਟਰ ਲੈ ਕੇ ਐਕੁਆਇਰ ਕੀਤੀ ਗਈ ਜ਼ਮੀਨ ਵਾਲੀ ਥਾਂ ’ਤੇ ਪੁੱਜ ਗਏ। ਕਿਸਾਨਾਂ ਨੇ ਖੇਤਾਂ ਵਿੱਚ ਹਲ ਚਲਾ ਕੇ ਮੰਡੀ ਬੋਰਡ ਵੱਲੋਂ ਲਾਈ ਕੰਡਿਆਲੀ ਤਾਰ ਤੇ ਬੋਰਡ ਪੁੱਟ ਦਿੱਤੇ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੜਕ ’ਤੇ ਧਰਨਾ ਵੀ ਲਾ ਦਿੱਤਾ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਜਲੰਧਰ ਦੇ ਇੰਚਾਰਜ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਸ਼ਾਹਕੋਟ ਦੇ ਪ੍ਰਸ਼ਾਸਨ ਤੇ ਪੁਲਿਸ ਨੇ ਉਨ੍ਹਾਂ ਦੇ ਸੂਬਾਈ ਆਗੂਆਂ ਤੋਂ ਲੈ ਕੇ ਜ਼ਿਲ੍ਹਾ, ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਕੇ ਤੇ ਕਈਆਂ ਨੂੰ ਥਾਣਿਆਂ ਅੰਦਰ ਬੰਦ ਕਰ ਕੇ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ 28 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਰਹੀ ਹੈ ਜਦਕਿ ਇੱਥੇ ਜ਼ਮੀਨ ਦੀ ਕੀਮਤ ਇੱਕ ਕਰੋੜ ਤੋਂ ਵੀ ਉੱਪਰ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਕਿਸਾਨਾਂ ਨੂੰ ਆਮਦਨਹੀਣ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਲੂ ਬੀਜ ਫਾਰਮ ਵਾਲੀ ਜ਼ਮੀਨ ’ਤੇ ਮੰਡੀ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਸਥਾਨਕ ਪੱਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਨਾਲ ਨਹੀਂ ਬਲਕਿ ਸਰਕਾਰ ਪੱਧਰ ਦੀ ਮੀਟਿੰਗ ਵਿੱਚ ਹੀ ਨਿਕਲੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਉਣ ਲਈ ਲਾਇਆ ਧਰਨਾ ਜਾਰੀ ਰਹੇਗਾ।
ਉਧਰ, ਸ਼ਾਹਕੋਟ ਦੇ ਡੀਐਸਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਅਜੇ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















