ਪਿੰਡ ਦੇ ਨੌਜਵਾਨਾਂ ਨੇ ਲਾਇਆ ਜੁਗਾੜ, ਫਸਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਖੁਦ ਤਿਆਰ ਕੀਤੀ ਫਾਇਰ ਬ੍ਰਿਗੇਡ
Punjab News: ਪੰਜਾਬ ਵਿੱਚ ਕਣਕ ਦੀ ਵਾਢੀ ਸਮੇਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਫਸਲਾਂ ਤੇ ਨਾੜ ਨੂੰ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਫਸਲ ਤਬਾਹ ਹੋ ਕੇ ਰਹਿ ਜਾਂਦੀ ਹੈ।
Punjab News: ਪੰਜਾਬ ਵਿੱਚ ਕਣਕ ਦੀ ਵਾਢੀ ਸਮੇਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਫਸਲਾਂ ਤੇ ਨਾੜ ਨੂੰ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਫਸਲ ਤਬਾਹ ਹੋ ਕੇ ਰਹਿ ਜਾਂਦੀ ਹੈ। ਹੋਰ ਤਾਂ ਹੋਰ ਇਸ ਕਾਰਨ ਨਾ ਸਿਰਫ਼ ਪ੍ਰਦੂਸ਼ਣ ਫੈਲਦਾ ਹੈ, ਸਗੋਂ ਹੋਰ ਨੁਕਸਾਨ ਹੋਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ।
ਹਾਲ ਹੀ ਵਿੱਚ ਬਟਾਲਾ ਨੇੜੇ ਨਾੜ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਬੱਚਿਆਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ ਸੀ। ਫਸਲਾਂ ਨੂੰ ਅੱਗ ਲੱਗਣ ਕਾਰਨ ਬਹੁਤ ਜ਼ਿਆਦਾ ਗਰਮੀ, ਸ਼ਾਰਟ ਸਰਕਟ ਤੇ ਹੋਰ ਬਹੁਤ ਸਾਰੇ ਹਨ ਪਰ ਹਰ ਪਾਸੇ ਫਾਇਰ ਬ੍ਰਿਗੇਡ ਦੀ ਸਹੂਲਤ ਨਹੀਂ ਹੁੰਦੀ। ਜੇਕਰ ਫਾਇਰ ਬ੍ਰਿਗੇਡ ਦੀ ਟੀਮ ਪਹੁੰਚਦੀ ਵੀ ਹੈ ਤਾਂ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਤਦ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ।
ਗੁਰਾਇਆ ਨੇੜਲੇ ਪਿੰਡ ਬੀੜ ਬੰਸੀਆ ਦੇ ਨੌਜਵਾਨਾਂ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਐਨਆਰਆਈ ਦੀ ਮਦਦ ਨਾਲ ਪਿੰਡ ਦੇ ਨੌਜਵਾਨਾਂ ਨੇ ਆਪਣੀ ਫਾਇਰ ਬ੍ਰਿਗੇਡ ਟੀਮ ਬਣਾ ਲਈ ਹੈ। ਕਰੀਬ ਚਾਰ ਲੱਖ ਦਾ ਟੈਂਕ ਟਰੈਕਟਰ ਦਾ ਜੁਗਾੜ ਲਾ ਕੇ ਨੌਜਵਾਨਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਤਿਆਰ ਕੀਤੀ ਹੈ। ਉਨ੍ਹਾਂ ਖਾਸ ਜੁਗਾੜ ਲਾਇਆ ਹੈ ਤਾਂ ਜੋ ਟੈਂਕ ਦੇ ਪਾਣੀ ਦਾ ਪ੍ਰੈਸ਼ਰ ਵੱਧ ਸਕੇ ਤੇ ਅੱਗ 'ਤੇ ਕਾਬੂ ਪਾਇਆ ਜਾ ਸਕੇ।
ਨੌਜਵਾਨਾਂ ਵੱਲੋਂ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ, ਜਿਸ ਵਿੱਚ ਸੂਚਨਾ ਮਿਲਦਿਆਂ ਹੀ 15 ਤੋਂ 20 ਨੌਜਵਾਨ ਮੌਕੇ ’ਤੇ ਪਹੁੰਚ ਜਾਂਦੇ ਹਨ ਤੇ ਕੁਝ ਨੌਜਵਾਨ ਪਿੰਡ ਦੇ ਗੁਰਦੁਆਰੇ ਵਿੱਚ ਰੁਕ ਜਾਂਦੇ ਹਨ ਤਾਂ ਜੋ ਉਹ ਆਪਣੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਲੈ ਜਾਣ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਨੋਖਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਅੱਗ ਬੁਝਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਦਿਨ ਵਿੱਚ 10-10 ਵਾਰ ਵੀ ਅੱਗ ਬੁਝਾਉਣ ਲਈ ਜਾਣਾ ਪੈਂਦਾ ਸੀ। ਅੱਗ ਬੁਝਾਊ ਸਿਖਲਾਈ ਸਬੰਧੀ ਉਨ੍ਹਾਂ ਕਿਹਾ ਕਿ ਸਾਨੂੰ ਅੱਗ ਨੂੰ ਮੌਕੇ 'ਤੇ ਹੀ ਬੁਝਾਉਣ ਦਾ ਥੋੜ੍ਹਾ ਬਹੁਤਾ ਗਿਆਨ ਹੈ ਪਰ ਜਿਸ ਤਰ੍ਹਾਂ ਅਸੀਂ ਅੱਗ ਬੁਝਾਉਣ ਦਾ ਕੰਮ ਕਰ ਰਹੇ ਹਾਂ, ਉਸ ਨਾਲ ਸਾਡੇ ਗਿਆਨ 'ਚ ਵਾਧਾ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਕੰਮ ਕਰਾਂਗੇ।
ਪਿੰਡ ਵਾਸੀ ਦੀਪਾ ਬੱਸੀ ਨੇ ਦੱਸਿਆ ਕਿ ਇਸ ਗੱਡੀ ਨੂੰ ਤਿਆਰ ਕਰਨ ’ਤੇ ਚਾਰ ਲੱਖ ਰੁਪਏ ਤੋਂ ਵੱਧ ਦਾ ਖਰਚ ਆਇਆ ਹੈ। ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਤਿੰਨ ਤੋਂ ਚਾਰ ਨੌਜਵਾਨ ਪਾਣੀ ਦੀ ਪਾਈਪ ਨੂੰ ਸੰਭਾਲਦੇ ਹਨ ਤੇ ਬਾਕੀ ਮੌਕੇ ਦੇ ਹਿਸਾਬ ਨਾਲ ਅੱਗ ਬੁਝਾਉਣ ਦਾ ਕੰਮ ਕਰਦੇ ਹਨ। ਹੁਣ ਤੱਕ ਟੀਮ ਤਕਰੀਬਨ 10 ਕਿਲੋਮੀਟਰ ਤੱਕ ਅੱਗ ਬੁਝਾਉਣ ਦਾ ਕੰਮ ਕਰ ਰਹੀ ਹੈ।