Punjab News: ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਗਾਰਡ ਤਾਇਨਾਤੀ ਨੂੰ ਹਰੀ ਝੰਡੀ, 23 ਜ਼ਿਲਿਆਂ 'ਚ ਪ੍ਰੋਜੈਕਟ ਸ਼ੁਰੂ, ਸਿਹਤ ਵਿਭਾਗ ਦੇ ਆਰਡਰ ਜਾਰੀ
ਹਰ 10ਵੇਂ ਦਿਨ ਕਿਸੇ ਨਾ ਕਿਸੇ ਹਸਪਤਾਲ ਤੋਂ ਡਾਕਟਰ ਦੇ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ। ਹੁਣ ਸੂਬਾ ਸਰਕਾਰ ਨੇ ਅਜਿਹੇ ਮਾਮਲਿਆਂ ਨੂੰ ਠੱਲ ਪਾਉਣ ਦੇ ਲਈ ਖਾਸ ਉਪਰਾਲਾ ਕੀਤਾ ਗਿਆ, 200 ਸੁਰੱਖਿਆ ਗਾਰਡ ਤਾਇਨਾਤ ਕਰਨ ਨੂੰ ਲੈ ਕੇ...

ਪੰਜਾਬ ਦੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਜਾਂ ਮੈਡੀਕਲ ਸਟਾਫ ਦੇ ਨਾਲ ਕੁੱਟਮਾਰ ਦੇ ਮਾਮਲੇ ਵੱਧੇ ਹਨ। ਜਿਸ ਕਰਕੇ ਲਗਾਤਾਰ ਡਾਕਟਰਾਂ ਵੱਲੋਂ ਹਸਪਤਾਲਾਂ ਦੇ ਅੰਦਰ ਸੁਰੱਖਿਆ ਇੰਤਜ਼ਾਮਾਂ ਨੂੰ ਵਧਾਉਣ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਸੂਬਾ ਸਰਕਾਰ ਨੇ ਖਾਸ ਉਪਰਾਲਾ ਕੀਤਾ ਹੈ। ਪੰਜਾਬ 'ਚ 24 ਘੰਟੇ ਖੁੱਲ੍ਹੇ ਰਹਿਣ ਵਾਲੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨਾਲ ਹੋਣ ਵਾਲੇ ਕੁੱਟਮਾਰ ਕੇਸਾਂ ’ਤੇ ਰੋਕ ਲਗੇਗੀ। ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤਹਿਤ 23 ਜ਼ਿਲ੍ਹਾ ਹਸਪਤਾਲਾਂ ਵਿੱਚ 200 ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਤਾਇਨਾਤੀ ਪੰਜਾਬ ਏਕਸ ਸਰਵਿਸਮੈਨ ਕਾਰਪੋਰੇਸ਼ਨ (PESCO) ਦੇ ਤਹਿਤ ਕੀਤੀ ਜਾਵੇਗੀ।
ਇਸ ਮਹੀਨੇ ਦੇ ਅੰਤ ਤੱਕ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਜੇ ਇਹ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਹੋਰ ਹਸਪਤਾਲਾਂ ਵਿੱਚ ਵੀ ਇਹ ਲਾਗੂ ਕੀਤਾ ਜਾਵੇਗਾ। ਇਸ ਫੈਸਲੇ ਨਾਲ ਡਾਕਟਰਾਂ ਨੂੰ ਰਾਹਤ ਮਿਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਹ ਸਟਾਫ਼ ਐਮਰਜੈਂਸੀ ਵਿੱਚ ਤਾਇਨਾਤ ਰਹੇਗਾ।
ਹਰ 10ਵੇਂ ਦਿਨ ਡਾਕਟਰਾਂ ਨਾਲ ਕੁੱਟਮਾਰ
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੇ ਨਾਲ ਐਮਰਜੈਂਸੀ ਵਿੱਚ ਕੁੱਟਮਾਰ ਦੇ ਕੇਸ ਲਗਾਤਾਰ ਵੱਧ ਰਹੇ ਹਨ। ਜੇ ਦੋ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲਾਂ ਵਿੱਚ ਡਾਕਟਰਾਂ ਨਾਲ ਲਗਭਗ 80 ਕੁੱਟਮਾਰ ਦੇ ਕੇਸ ਦਰਜ ਹੋ ਚੁੱਕੇ ਹਨ। ਹਰ 10ਵੇਂ ਦਿਨ ਇੱਕ ਕੇਸ ਆਉਂਦਾ ਹੈ। ਡਾਕਟਰਾਂ ਦੇ ਅਨੁਸਾਰ ਇਹ ਸਥਿਤੀ ਸਿਰਫ਼ ਬੋਰਡਰ ਇਲਾਕਿਆਂ ਦੇ ਜ਼ਿਲਿਆਂ ਵਿੱਚ ਹੀ ਨਹੀਂ, ਸਗੋਂ ਵੀ ਆਈਪੀ ਜ਼ਿਲ੍ਹਾ ਮੋਹਾਲੀ ਵਿੱਚ ਵੀ ਆ ਚੁੱਕੀ ਹੈ। ਕਈ ਵਾਰੀ ਇਸ ਕਾਰਨ ਡਾਕਟਰ ਆਪਣਾ ਕੰਮ ਵੀ ਢੰਗ ਨਾਲ ਨਹੀਂ ਕਰ ਪਾਉਂਦੇ। ਉਹਨਾਂ ਨੂੰ ਆਪਣੀ ਸੁਰੱਖਿਆ ਦਾ ਡਰ ਲੱਗਿਆ ਰਹਿੰਦਾ ਹੈ।
ਸੁਰੱਖਿਆ ਆਡੀਟ ਵਿੱਚ ਮਿਲੀਆਂ ਖਾਮੀਆਂ
ਪਿਛਲੇ ਸਾਲ ਸਤੰਬਰ ਵਿੱਚ ਜਦੋਂ ਮੋਹਾਲੀ ਦੇ ਡੇਰਾ ਬੱਸੀ ਅਤੇ ਜਲੰਧਰ ਵਿੱਚ ਡਾਕਟਰਾਂ ਨਾਲ ਕੁੱਟਮਾਰ ਹੋਈ ਸੀ, ਉਸ ਸਮੇਂ ਡਾਕਟਰਾਂ ਨੇ ਕੰਮ ਰੋਕ ਦਿੱਤਾ ਸੀ। ਨਾਲ ਹੀ ਡਾਕਟਰਾਂ ਦੀ ਸੁਰੱਖਿਆ ਦਾ ਮਸਲਾ ਪ੍ਰਭਾਵਸ਼ਾਲੀ ਤਰੀਕੇ ਨਾਲ ਉੱਠਾਇਆ ਗਿਆ ਸੀ। ਇਸਦੇ ਬਾਅਦ ਫੈਸਲਾ ਲਿਆ ਗਿਆ ਕਿ ਸਾਰੇ ਜ਼ਿਲਿਆਂ ਵਿੱਚ ਬਣੇ ਹੈਲਥ ਸੁਰੱਖਿਆ ਬੋਰਡ ਵੱਲੋਂ ਮੈਡੀਕਲ ਸੰਸਥਾਨਾਂ ਦਾ ਸੁਰੱਖਿਆ ਆਡੀਟ ਕੀਤਾ ਜਾਵੇਗਾ।
ਵਿੱਤ ਵਿਭਾਗ ਤੋਂ ਮਨਜ਼ੂਰੀ ਮਗਰੋਂ ਗਾਰਡ ਤਾਇਨਾਤ ਦਾ ਫੈਸਲਾ
ਨਾਲ ਹੀ ਸਾਰੇ ਹਸਪਤਾਲਾਂ ਵਿੱਚ ਉਹਨਾਂ ਸਥਾਨਾਂ ਦੀ ਪਛਾਣ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸਦੇ ਬਾਅਦ ਸਾਰੇ ਹਸਪਤਾਲਾਂ ਵਿੱਚ ਡਾਰਕ ਪੁਆਇੰਟ ਕਵਰ ਕੀਤੇ ਗਏ ਸਨ। ਜ਼ਿਆਦਾਤਰ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਕੈਮਰੇ ਲਗਾਏ ਗਏ ਸਨ, ਪਰ ਹੁਣ ਤੱਕ ਗਾਰਡ ਤਾਇਨਾਤ ਨਹੀਂ ਹੋ ਸਕੇ ਕਿਉਂਕਿ ਇਸ ਲਈ ਫੰਡ ਦੀ ਘਾਟ ਸੀ। ਇਸਦੇ ਬਾਅਦ ਵਿੱਤ ਵਿਭਾਗ ਤੋਂ ਇਸ ਬਾਰੇ ਮਨਜ਼ੂਰੀ ਲਵਾਈ ਗਈ, ਜਿਸ ਮਗਰੋਂ ਇਨ੍ਹਾਂ ਦੀ ਤਾਇਨਾਤ ਦਾ ਫੈਸਲਾ ਲਿਆ ਗਿਆ ਹੈ।
31 ਮਾਰਚ ਤੱਕ ਤਾਇਨਾਤ ਰਹੇਗੀ
ਇਨ੍ਹਾਂ ਸੁਰੱਖਿਆ ਗਾਰਡਾਂ ਦੀ ਨਿਯੁਕਤੀ 31 ਮਾਰਚ 2026 ਤੱਕ ਆਉਟਸੋਰਸ ਦੇ ਜ਼ਰੀਏ ਕੀਤੀ ਜਾਵੇਗੀ। ਇਨ੍ਹਾਂ ਦੀ ਨਿਯੁਕਤੀ ਵਿੱਚ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਰਹੇਗੀ। ਇਹਨਾਂ ਮੁਲਾਜ਼ਮਾਂ ਨੂੰ ਭੁਗਤਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਤਹਿਤ ਚੱਲ ਰਹੀ ਸਕੀਮ ਅਨੁਸਾਰ ਕੀਤਾ ਜਾਵੇਗਾ। ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਡਾ. ਅਖਿਲ ਸਰੀਨ ਨੇ ਕਿਹਾ ਕਿ ਸਰਕਾਰ ਦਾ ਇਹ ਚੰਗਾ ਕਦਮ ਹੈ। ਇਸ ਨਾਲ ਡਾਕਟਰਾਂ ਨੂੰ ਹਸਪਤਾਲ ਵਿੱਚ ਇੱਕ ਚੰਗਾ ਮਾਹੌਲ ਮਿਲੇਗਾ।
ਇੱਥੇ ਜਾਣੋ ਤਾਇਨਾਤੀ ਬਾਰੇ
ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਲਈ ਗਿਣਤੀ ਇਹ ਹੈ: ਡੀਐਚ ਅੰਮ੍ਰਿਤਸਰ ਵਿੱਚ 11, ਡੀਐਚ ਬਰਨਾਲਾ ਵਿੱਚ 7, ਡੀਐਚ ਬਠਿੰਡਾ ਵਿੱਚ 11, ਡੀਐਚ ਫਰੀਦਕੋਟ ਵਿੱਚ 7, ਡੀਐਚ ਫਤਿਹਗੜ੍ਹ ਸਾਹਿਬ ਵਿੱਚ 7, ਡੀਐਚ ਫਾਜ਼ਿਲਕਾ ਵਿੱਚ 9, ਡੀਐਚ ਫਿਰੋਜ਼ਪੁਰ ਵਿੱਚ 9, ਡੀਐਚ ਗੁਰਦਾਸਪੁਰ ਵਿੱਚ 9, ਡੀਐਚ ਹੁਸ਼ਿਆਰਪੁਰ ਵਿੱਚ 9, ਡੀਐਚ ਜਲੰਧਰ ਵਿੱਚ 11, ਡੀਐਚ ਕਪੂਰਥਲਾ ਵਿੱਚ 9, ਡੀਐਚ ਲੁਧਿਆਣਾ ਵਿੱਚ 12, ਡੀਐਚ ਮਾਲੇਰਕੋਟਲਾ ਵਿੱਚ 7, ਡੀਐਚ ਮਾਨਸਾ ਵਿੱਚ 7, ਡੀਐਚ ਮੋਗਾ ਵਿੱਚ 9, ਡੀਐਚ ਮੁਕਤਸਰ ਸਾਹਿਬ ਵਿੱਚ 9, ਡੀਐਚ ਪਠਾਨਕੋਟ ਵਿੱਚ 7, ਡੀਐਚ ਐਮਕੇਐਚ ਪਟਿਆਲਾ ਵਿੱਚ 11, ਡੀਐਚ ਰੂਪਨਗਰ ਵਿੱਚ 7, ਡੀਐਚ ਸੰਗਰੂਰ ਵਿੱਚ 9, ਡੀਐਚ ਮੋਹਾਲੀ ਵਿੱਚ 9, ਡੀਐਚ ਐਸਬੀਐਸ ਨਗਰ ਵਿੱਚ 7 ਅਤੇ ਡੀਐਚ ਤਰਨਤਾਰਨ ਵਿੱਚ 7 ਗਾਰਡ ਤਾਇਨਾਤ ਕੀਤੇ ਜਾਣਗੇ।






















