Punjab News: ਸਿੱਖ ਭਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਰਾਤੋ-ਰਾਤ ਜਥੇਦਾਰ ਦੀ ਕੀਤੀ ਤਾਜਪੋਸ਼ੀ: ਲੰਗਾਹ
ਨਿਹੰਗ ਸਿੰਘਾਂ ਦੇ ਵਿਰੋਧ ਤੋਂ ਡਰਦਿਆਂ ਸ਼੍ਰੋਮਣੀ ਕਮੇਟੀ ਨੇ ਅੱਜ ਸਵੇਰੇ 3 ਵਜੇ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਤਾਜਪੋਸ਼ੀ ਕਰ ਦਿੱਤੀ। ਰਾਤੋ-ਰਾਤ ਜਥੇਦਾਰ ਦੀ ਤਾਜਪੋਸ਼ੀ ਉਪਰ ਸਵਾਲ ਉੱਠੇ

Punjab News: ਨਿਹੰਗ ਸਿੰਘਾਂ ਦੇ ਵਿਰੋਧ ਤੋਂ ਡਰਦਿਆਂ ਸ਼੍ਰੋਮਣੀ ਕਮੇਟੀ ਨੇ ਅੱਜ ਸਵੇਰੇ 3 ਵਜੇ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਤਾਜਪੋਸ਼ੀ ਕਰ ਦਿੱਤੀ। ਰਾਤੋ-ਰਾਤ ਜਥੇਦਾਰ ਦੀ ਤਾਜਪੋਸ਼ੀ ਉਪਰ ਸਵਾਲ ਉੱਠੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਮੋਰਚਾ ਸੰਭਾਲਣ ਲਈ ਅੱਗੇ ਕਰ ਦਿੱਥਾ। ਲੰਗਾਹ ਨੇ ਦਾਅਵਾ ਕੀਤਾ ਕਿ ਇਹ ਸਭ ਕੁਝ ਅਕਾਲੀ ਦਲ ਤੇ ਸਿੱਖ ਭਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਕੀਤਾ ਗਿਆ।
ਦਰਅਸਲ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਤਾਜਪੋਸ਼ੀ ਦਾ ਸਮਾਂ ਅੱਜ 10 ਵਜੇ ਰੱਖਿਆ ਗਿਆ ਸੀ। ਉਧਰੋਂ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਇਸ ਦੇ ਵਿਰੋਧ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਨਿਹੰਗ ਜਥੇਬੰਦੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾਉਣ ਲਈ ਕਿਹਾ ਸੀ। ਟਕਰਾਅ ਤੋਂ ਡਰਦਿਆਂ ਸ਼੍ਰੋਮਣੀ ਕਮੇਟੀ ਨੇ ਰਾਤੋ-ਰਾਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਕਰ ਦਿੱਤੀ ਗਈ।
ਲੰਗਾਹ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਏ ਗਏ ਫੈਸਲੇ ਅਕਾਲੀ ਦਲ ਦਾ ਸਿਰ ਕਲਮ ਕਰਨ ਦੇ ਬਰਾਬਰ ਸਨ। ਕੇਂਦਰ ਸਰਕਾਰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਪੰਜਾਬ ਵਿੱਚ ਕਤਲੇਆਮ ਕਰਵਾਉਣਾ ਚਾਹੁੰਦੀ ਹੈ। ਅੱਜ ਜੋ ਵੀ ਹੋਇਆ, ਉਹ ਸਿਰਫ਼ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਲਈ ਕੀਤਾ ਗਿਆ। ਅਕਾਲੀ ਦਲ ਨੇ ਐਮਰਜੈਂਸੀ ਦੌਰਾਨ ਜੇਲ੍ਹਾਂ ਵਿੱਚ ਸਮਾਂ ਬਿਤਾਇਆ ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਈ। ਜਦੋਂ ਸਾਨੂੰ ਲੋੜ ਸੀ ਤਾਂ ਕਿਸੇ ਨੇ ਸਾਡਾ ਹੱਥ ਨਹੀਂ ਫੜਿਆ। ਸਿੱਖ ਭਾਈਚਾਰੇ ਨੂੰ ਜ਼ਲੀਲ ਕਰਨ ਲਈ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਵਾਪਸ ਲੈ ਲਿਆ ਗਿਆ।
ਉਧਰ, ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦਾ ਵਿਰੋਧ ਕਰ ਰਹੇ ਹਨ। ਬੁੱਢਾ ਦਲ 96 ਕਰੋੜਪਤੀ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰ ਨਿਹੰਗ ਸੰਗਠਨਾਂ ਦੇ ਮੁਖੀਆਂ ਨੇ ਸਪੱਸ਼ਟ ਕਿਹਾ ਹੈ ਕਿ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਹੋਰ ਸਾਰੀਆਂ ਸੰਸਥਾਵਾਂ ਦੀ ਗੈਰਹਾਜ਼ਰੀ ਵਿੱਚ ਹੋਈ ਇਹ ਤਾਜਪੋਸ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਜਿਸ ਸਮੇਂ ਇਹ ਤਾਜਪੋਸ਼ੀ ਹੋਈ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ਤ ਨਹੀਂ ਸਨ। ਇਹ ਤਾਜਪੋਸ਼ੀ ਮਰਿਆਦਾ ਦੇ ਉਲਟ ਕੀਤੀ ਗਈ ਹੈ। ਇਸ ਨਾਲ ਤਖਤ ਦੀ ਸ਼ਾਨ ਨੂੰ ਠੇਸ ਪਹੁੰਚੀ ਹੈ। ਹੋਲਾ ਮੁਹੱਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ, ਸਾਰੀਆਂ ਨਿਹੰਗ ਜਥੇਬੰਦੀਆਂ ਵੀ ਵਿਰੋਧ ਪ੍ਰਦਰਸ਼ਨ ਕਰਨਗੀਆਂ।






















