ਹੁਣ ਪਾਸਤਾ ਤੇ ਨੂਡਲਜ਼ ਦੀ ਵੇਸਟ ਤੋਂ ਬਣੇਗੀ ਪਸ਼ੂਆਂ ਦੀ ਖੁਰਾਕ, ਗਡਵਾਸੂ ਕਰ ਰਹੀ ਖੋਜ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਪਸ਼ੂਆਂ ਦੀ ਖੁਰਾਕ ਦੇ ਰੇਟਾਂ 'ਚ ਹੋਏ ਵਾਧੇ ਕਾਰਨ ਦੁੱਧ ਦੇ ਰੇਟਾਂ 'ਚ ਵਾਧੇ ਤੋਂ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ।
ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਪਸ਼ੂਆਂ ਦੀ ਖੁਰਾਕ ਦੇ ਰੇਟਾਂ 'ਚ ਹੋਏ ਵਾਧੇ ਕਾਰਨ ਦੁੱਧ ਦੇ ਰੇਟਾਂ 'ਚ ਵਾਧੇ ਤੋਂ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਯੂਨੀਵਰਸਿਟੀ ਪਾਸਤਾ, ਨੂਡਲਜ਼ ਆਦਿ ਦੇ ਨਿਰਮਾਣ ਵਿੱਚ ਵੇਸਟ ਨੂੰ ਪਸ਼ੂਆਂ ਦੀ ਖੁਰਾਕ ਵਜੋਂ ਵਰਤਣ ਦੇ ਤਰੀਕਿਆਂ ਦੀ ਖੋਜ ਕਰੇਗੀ।
ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ: ਜਤਿੰਦਰ ਪਾਲ ਸਿੰਘ ਗਿੱਲ ਅਨੁਸਾਰ ਯੂਨੀਵਰਸਿਟੀ ਵੱਲੋਂ ਇੱਕ ਪ੍ਰਾਈਵੇਟ ਫਰਮ ਨਾਲ ਸਮਝੌਤਾ ਕੀਤਾ ਗਿਆ ਹੈ। ਇਹ ਫਰਮ ਉਨ੍ਹਾਂ ਨੂੰ ਵੇਸਟ ਮੁਹੱਈਆ ਕਰਵਾਏਗੀ। ਇਸ 'ਤੇ ਪਹਿਲਾਂ ਪ੍ਰਯੋਗਸ਼ਾਲਾ 'ਚ ਖੋਜ ਕੀਤੀ ਜਾਵੇਗੀ। ਫਿਰ ਉਹ ਆਪਣੇ ਪਸ਼ੂ ਫਾਰਮਾਂ ਅਤੇ ਸਹਿਯੋਗੀ ਕਿਸਾਨਾਂ ਦੇ ਪਸ਼ੂ ਫਾਰਮਾਂ ਤੇ ਇਸ ਦੀ ਪੜਤਾਲ ਕਰਨਗੇ। ਇਸ ਨਾਲ ਇਹ ਤੈਅ ਹੋਵੇਗਾ ਕਿ ਪਸ਼ੂ ਨੂੰ ਦਿੱਤੀ ਜਾਣ ਵਾਲੀ ਫੀਡ 'ਚ ਇਸ ਦਾ ਕਿੰਨਾ ਹਿੱਸਾ ਹੋਵੇਗਾ।
ਇਸ ਖੋਜ ਵਿੱਚ ਲਗਪਗ ਇੱਕ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਤੇ ਉਨ੍ਹਾਂ ਦੀ ਲਾਗਤ ਵਿੱਚ ਕਮੀ ਆਵੇਗੀ। ਦੁੱਧ ਦੀ ਕੀਮਤ ਘੱਟ ਵਧੇਗੀ ਤੇ ਅੰਤ ਵਿੱਚ ਆਮ ਲੋਕਾਂ ਨੂੰ ਫਾਇਦਾ ਹੋਵੇਗਾ।