Punjab News: ਪੰਜਾਬ 'ਚ ਪੁਲਿਸ ਰਾਜ! ਪੂਰੇ ਸੂਬੇ 'ਚ ਇੱਕੋ ਵੇਲੇ 12,000 ਮੁਲਾਜ਼ਮਾਂ ਦਾ ਵੱਡਾ ਐਕਸ਼ਨ
ਮੰਗਲਵਾਰ ਨੂੰ ਪੂਰੇ ਸੂਬੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ। ਪੁਲਿਸ ਨੇ ਆਪਣੇ ਇਸ ਐਕਸ਼ਨ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਆਪਣੀ ਤਾਕਤ ਵਿਖਾਈ ਹੈ। ਅਮਨ-ਕਾਨੂੰਨ ਦੀ ਹਾਲਤ ਉੱਪਰ ਰਹੇ ਸਵਾਲਾਂ ਮਗਰੋਂ ਪੁਲਿਸ ਪਹਿਲੀ ਵਾਰ ਇੰਨੇ ਵੱਡੇ ਐਕਸ਼ਨ
Punjab News : ਮੰਗਲਵਾਰ ਨੂੰ ਪੂਰੇ ਸੂਬੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ। ਪੁਲਿਸ ਨੇ ਆਪਣੇ ਇਸ ਐਕਸ਼ਨ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਆਪਣੀ ਤਾਕਤ ਵਿਖਾਈ ਹੈ। ਅਮਨ-ਕਾਨੂੰਨ ਦੀ ਹਾਲਤ ਉੱਪਰ ਰਹੇ ਸਵਾਲਾਂ ਮਗਰੋਂ ਪੁਲਿਸ ਪਹਿਲੀ ਵਾਰ ਇੰਨੇ ਵੱਡੇ ਐਕਸ਼ਨ ਮੋਡ ਵਿੱਚ ਨਜ਼ਰ ਆਈ। ਪੁਲਿਸ ਨੇ ਇਹ ਐਕਸ਼ਨ ਸੀਨੀਅਰ ਅਫਸਰਾਂ ਦੇ ਤਬਾਦਲੇ ਤੋਂ ਤੁਰੰਤ ਬਾਅਦ ਕੀਤਾ ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਗਲੇ ਦਿਨਾਂ ਵਿੱਚ ਸੂਬੇ ਵਿੱਚ ਸਖਤੀ ਨਜ਼ਰ ਆਏਗੀ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਪੂਰੇ ਸੂਬੇ ਵਿੱਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਮੰਤਵ ਨਾਲ ਤਲਾਸ਼ੀ ਮੁਹਿੰਮ ਚਲਾਈ। ਪੰਜਾਬ ਪੁਲਿਸ ਨੇ ਇਸ ਤਲਾਸ਼ੀ ਮੁਹਿੰਮ ਜ਼ਰੀਏ ਸਮਾਜ ਵਿਰੋਧੀ ਅਨਸਰਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਸਮੁੱਚੀ ਮੁਹਿੰਮ ਦੀ ਅਗਵਾਈ ਕੀਤੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚੱਲੀ। ਇਹ ਮੁਹਿੰਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਈ ਗਈ ਤੇ ਪੰਜਾਬ ਪੁਲਿਸ ਹੈੱਡਕੁਆਟਰ ਦੇ ਏਡੀਜੀਪੀ/ਆਈਜੀਪੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ ’ਤੇ ਇਸ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ।
ਡੀਜੀਪੀ ਨੇ ਕਿਹਾ ਕਿ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦਾ ਮੰਤਵ ਲੋਕਾਂ ਅੰਦਰ ਵਿਸ਼ਵਾਸ ਵਧਾਉਣਾ ਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨਾ ਹੈ। ਗੌਰਵ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਬਲਾਂ ਵੱਲੋਂ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਨਸ਼ਿਆਂ ਤੇ ਅਪਰਾਧਾਂ ਦੇ ‘ਹੌਟਸਪੌਟਸ’ ਦੀ ਪਛਾਣ ਕਰਨ ਉਪਰੰਤ ਇਹ ਮੁਹਿੰਮ ਚਲਾਈ ਗਈ ਸੀ।
ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ 97 ਕੇਸ ਦਰਜ ਕਰਕੇ 98 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਵਿੱਚ ਤਿੰਨ ਭਗੌੜੇ ਵੀ ਸ਼ਾਮਲ ਹਨ। ਸੂਬੇ ਭਰ ਵਿੱਚ 12 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤੇ ਇਸ ਮੁਹਿੰਮ ਦੌਰਾਨ ਇੱਕ ਕਿਲੋ ਹੈਰੋਇਨ, 10.91 ਲੱਖ ਰੁਪਏ ਡਰੱਗ ਮਨੀ, ਦੋ ਪਿਸਤੌਲ ਤੇ ਇੱਕ ਰਾਈਫਲ ਬਰਾਮਦ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਫੋਰਸ ਵੱਲੋਂ ਸ਼ੱਕੀ ਵਿਅਕਤੀਆਂ ਤੇ ਘਰਾਂ ਦੀ ਪੂਰੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਹੌਟਸਪੌਟਸ’ ਉਤੇ ਡਰੋਨ ਤੇ ਸੂਹੀਆ ਕੁੱਤੇ ਤਾਇਨਾਤ ਕੀਤੇ ਗਏ ਸਨ ਤਾਂ ਜੋ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾ ਸਕੇ। ਡੀਜੀਪੀ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਤੇ ਗੈਂਗਸਟਰਵਾਦ ਨੂੰ ਮੁੱਢੋਂ ਖ਼ਤਮ ਕਰਨ ਤਕ ਪੁਲਿਸ ਅਰਾਮ ਨਾਲ ਨਹੀਂ ਬੈਠੇਗੀ।