Punjab News: ਕੀਰਤਪੁਰ ਸਾਹਿਬ ਦੇ ਸਥਾਨਕ ਟਰੱਕ ਆਪਰੇਟਰਾਂ ਦੇ ਹੱਕ 'ਚ ਬੋਲੇ ਪ੍ਰੇਮ ਸਿੰਘ ਚੰਦੂ ਮਾਜਰਾ, ਕਿਹਾ- 'ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ'
Kiratpur Sahib: ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕੀਰਤਪੁਰ ਸਾਹਿਬ ਵਿਖੇ ਹੋਈ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ।
Local truck operators of Kiratpur Sahib: ਬੀਤੀ ਰਾਤ ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਦੀ ਪੁਲਿਸ ਵੱਲੋਂ ਕਥਿਤ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਅੱਜ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਦੇ ਨਾਲ ਸੰਬੰਧਿਤ ਵੱਡੀ ਗਿਣਤੀ ਮੈਂਬਰਾਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕੇਸਾਂ ਦੀ ਬੇਅਦਬੀ ਤੋਂ ਬਾਅਦ ਇਸ ਮਾਮਲੇ 'ਚ ਉਚਿਤ ਅਤੇ ਢੁੱਕਵੀਂ ਕਾਰਵਾਈ ਕਰਨ ਦੇ ਲਈ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਕੀਰਤਪੁਰ ਸਾਹਿਬ ਟਰੱਕ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬੀਰ ਨੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਮੈਮੋਰੰਡਮ ਦੇ ਵਿੱਚ ਅਪੀਲ ਕੀਤੀ ਕਿ ਇਸ ਮਾਮਲੇ ਚ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋਂ ਮੁੜਕੇ ਕੋਈ ਕਿਸੇ ਦੇ ਕੇਸਾਂ ਦੀ ਬੇਅਦਬੀ ਨਾ ਕਰ ਸਕੇ।
ਉਧਰ ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕੀਰਤਪੁਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿੱਥੇ ਉਹਨਾਂ ਨੇ ਵੀ ਬੀਤੇ ਕੱਲ ਹੋਈ ਇਸ ਘਟਨਾ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਇੱਕ ਪਾਸੇ ਸਥਾਨਕ ਟਰੱਕ ਆਪਰੇਟਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਦੂਜੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਜੋ ਕਿ ਨਿਆਸੰਗਤ ਨਹੀਂ ਹੈ।
ਚੰਦੂ ਮਾਜਰਾ ਨੇ ਇਲਜ਼ਾਮ ਲਗਾਇਆ ਕਿ ਇਹ ਸਾਰਾ ਕੁਝ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਹੈ। ਉਹਨਾਂ ਸੂਬੇ ਦੇ ਮੁੱਖ ਮੰਤਰੀ ਦੇ ਤਿੱਖਾ ਨਿਸ਼ਾਨਾ ਸਾਧ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਿੱਤਾਂ ਦੇ ਨਾਲ ਖਿਲਵਾੜ ਕਰਕੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਫਾਇਦੇ ਦਿੱਤੇ ਜਾ ਰਹੇ ਹਨ। ਤਾਂ ਜੋ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਚੰਦੂ ਮਾਜਰਾ ਨੇ ਕਿਹਾ ਕਿ ਖਾਲਸੇ ਦੀ ਜਨਮ ਭੂਮੀ ਤੇ ਇੱਕ ਗੁਰਸਿੱਖ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਦੀ ਹਰ ਕਿਸੇ ਨੂੰ ਕੜੇ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਨੀ ਚਾਹੀਦੀ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਇਨਕੁਆਇਰੀ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਇਹ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਕੱਲ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਬੀਰ ਸ਼ਾਹਪੁਰ ਦੇ ਵੱਲੋਂ ਲਾਈਵ ਹੋ ਕੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਪੁਲਿਸ ਦੇ ਵੱਲੋਂ ਉਸਦੀ ਨਜਾਇਜ਼ ਕੁੱਟਮਾਰ ਕੀਤੀ ਗਈ ਤੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਉਸ ਦੇ ਭਰਾ ਨਾਜਰ ਸਿੰਘ ਸ਼ਾਹਪੁਰ ਨੂੰ ਪੁਲਿਸ ਚੁੱਕ ਕੇ ਲੈ ਗਈ।
ਇਸ ਲਾਈਵ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਟਰੱਕ ਯੂਨੀਅਨ ਕੀਰਤਪੁਰ ਨਾਲ ਸੰਬੰਧਿਤ ਮੈਂਬਰ ਗੁਰਦੁਆਰਾ ਪਤਾਲਪੁਰੀ ਸਾਹਿਬ ਚੌਂਕ ਵਿਖੇ ਇਕੱਠੇ ਹੋ ਗਏ ਸਨ। ਉਹਨਾਂ ਵੱਲੋਂ ਬੀਤੀ ਰਾਤ ਤਕਰੀਬਨ ਚਾਰ ਘੰਟੇ ਕੀਰਤਪੁਰ ਸਾਹਿਬ ਰੋਪੜ ਮੁੱਖ ਮਾਰਗ ਤੇ ਧਰਨਾ ਲਗਾ ਕੇ ਟਰੈਫਿਕ ਜਾਮ ਕਰ ਦਿੱਤਾ ਗਿਆ।
ਇਸ ਮਾਮਲੇ ਦੇ ਵਿੱਚ ਧਰਨਾਕਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਨਾਜਰ ਸਿੰਘ ਸ਼ਾਹਪੁਰ ਨੂੰ ਪੁਲਿਸ ਵੱਲੋਂ ਛੱਡਿਆ ਜਾਵੇ। ਲੋਕਾਂ ਦੇ ਦਬਾਅ ਹੇਠ ਪੁਲਿਸ ਵੱਲੋਂ ਰਾਤ ਨੂੰ ਨਾਜਰ ਸਿੰਘ ਸ਼ਾਹਪੁਰ ਨੂੰ ਛੱਡ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ ਸੀ। ਦੱਸਣ ਯੋਗ ਹੈ ਕਿ ਨਾਜਰ ਸਿੰਘ ਸ਼ਾਹਪੁਰ, ਬਲਬੀਰ ਸਿੰਘ ਬੀਰ ਸ਼ਾਹਪੁਰ ਸਮੇਤ 7-8 ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ।