(Source: ECI/ABP News/ABP Majha)
ਪੰਜਾਬ ਪੁਲਿਸ ਨੇ ਲਾਰੈਂਸ-ਰਿੰਡਾ ਗਰੋਹ ਦੇ 11 ਮੈਂਬਰ ਕੀਤੇ ਗ੍ਰਿਫਤਾਰ, 7 ਸੰਭਾਵੀ ਕਤਲ ਦੀਆਂ ਸਾਜਿਸ਼ਾਂ ਕੀਤੀਆਂ ਨਾਕਾਮ!
ਚੰਡੀਗੜ੍ਹ/ਜਲੰਧਰ: ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਚੰਡੀਗੜ੍ਹ/ਜਲੰਧਰ: ਪੰਜਾਬ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਹੈ। ਏਡੀਜੀਪੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪ੍ਰਮੋਦ ਬਾਨ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਕ ਵਿਆਪਕ ਅਤੇ ਯੋਜਨਾਬੱਧ ਆਪ੍ਰੇਸ਼ਨ ਵਿੱਚ ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 9 ਹਥਿਆਰ ਅਤੇ ਪੰਜ ਖੋਹੇ ਹੋਏ ਵਾਹਨ ਬਰਾਮਦ ਕੀਤੇ ਹਨ। ਇਹ ਕਾਰਵਾਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ। ਪੁਲਿਸ ਨੇ ਕਿਹਾ ਕਿ,“ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਨੇ ਘੱਟੋ-ਘੱਟ ਸੱਤ ਕਤਲ, ਦੋ ਪੁਲਿਸ ਹਿਰਾਸਤ ਤੋਂ ਭਜਾਉਣ ਅਤੇ ਚਾਰ ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕਰ ਦਿੱਤਾ ਹੈ।”
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਕੋਦਰ, ਜਲੰਧਰ ਦੇ ਮੁਹੰਮਦ ਯਾਸੀਨ ਅਖ਼ਤਰ ਉਰਫ਼ ਜੈਸੀ ਪੁਰੇਵਾਲ; ਮੋਹਾਲੀ ਦੇ ਨਵਾਂ ਸ਼ਹਿਰ ਬਡਾਲਾ ਦੇ ਸਾਗਰ ਸਿੰਘ; ਸਮਰਾਲਾ, ਲੁਧਿਆਣਾ ਦੇ ਅਮਰ ਮਲਿਕ; ਲੋਹੀਆਂ, ਜਲੰਧਰ ਦਾ ਨਵੀ; ਨਕੋਦਰ, ਜਲੰਧਰ ਦੇ ਅੰਕੁਸ਼ ਸੱਭਰਵਾਲ ਉਰਫ ਪਾਯਾ; ਊਨਾ (ਐਚਪੀ) ਦੇ ਸੁਮਿਤ ਜਸਵਾਲ ਉਰਫ਼ ਕਾਕੂ; ਫਿਲੌਰ, ਜਲੰਧਰ ਦਾ ਅਮਨਦੀਪ ਉਰਫ਼ ਸ਼ੂਟਰ; ਫਿਲੌਰ, ਜਲੰਧਰ ਦੇ ਸ਼ਿਵ ਕੁਮਾਰ ਉਰਫ ਸ਼ਿਵ; ਵਿਸ਼ਾਲ ਉਰਫ਼ ਫ਼ੌਜੀ ਵਾਸੀ ਨਕੋਦਰ, ਜਲੰਧਰ; ਊਨਾ (ਐਚਪੀ) ਦੇ ਅਰੁਣ ਕੁਮਾਰ ਉਰਫ ਮਨੀ ਰਾਣਾ ਅਤੇ ਕਪੂਰਥਲਾ ਦੇ ਅਨੂੰ ਉਰਫ ਪਹਿਲਵਾਨ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜੋ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਏਡੀਜੀਪੀ ਪ੍ਰਮੋਦ ਬਾਨ ਜਿਹਨਾਂ ਨਾਲ ਐਸਐਸਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵੀ ਮੌਜੂਦ ਸਨ, ਨੇ ਦੱਸਿਆ ਕਿ ਇਹ ਗਿਰੋਹ ਕਈ ਗੁਆਂਢੀ ਸੂਬਿਆਂ ਵਿੱਚ ਸਰਗਰਮ ਹੈ ਅਤੇ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਡਕੈਤੀ, ਸੰਗਠਿਤ ਫਿਰੌਤੀ, ਡਕੈਤੀ ਅਤੇ ਨਸ਼ਾ ਤਸਕਰੀ ਜਿਹੇ ਅਪਰਾਧਾਂ ਵਿੱਚ ਸ਼ਾਮਲ ਸੀ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਸ ਗਿਰੋਹ ਨੂੰ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ਾਂ 'ਤੇ ਗੋਲਡੀ ਬਰਾੜ ਦਾ ਸਾਥੀ ਵਿਕਰਮ ਬਰਾੜ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਬਰਾੜ ਇਸ ਸਮੇਂ ਵਿਦੇਸ਼ 'ਚ ਰਹਿ ਰਿਹਾ ਹੈ ਅਤੇ ਉਹ ਛੇ ਰਾਜਾਂ ਦੀ ਪੁਲਿਸ ਨੂੰ ਲੋੜੀਂਦਾ ਹੈ। ਉਹ ਲਾਰੈਂਸ ਬਿਸ਼ਨੋਈ ਦਾ ਜਮਾਤੀ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਹੰਮਦ ਯਾਸੀਨ ਅਖਤਰ ਉਰਫ਼ ਜੈਸੀ ਇੱਕ ਸਾਲ ਤੋਂ ਲਾਪਤਾ ਹੈ। ਉਹਨਾਂ ਅੱਗੇ ਦੱਸਿਆ ਕਿ ਬਰਾੜ ਅਤੇ ਲਾਰੈਂਸ ਦਾ ਨੇੜਲਾ ਸਾਥੀ ਜੈਸੀ ਘੱਟੋ-ਘੱਟ 16 ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਅੰਕੁਸ਼ ਸਭਰਵਾਲ ਉਰਫ਼ ਪਾਯਾ ਵਜੋਂ ਹੋਈ ਹੈ, ਦੇ ਖਿਲਾਫ ਛੇ ਅਪਰਾਧਿਕ ਮਾਮਲੇ ਦਰਜ ਹਨ। ਅੰਕੁਸ਼ 2014 ਵਿਚ ਨਕੋਦਰ ਦੇ ਇਕ ਆਈਲੈਟਸ ਸੈਂਟਰ ਵਿਚ ਵਿਕਰਮ ਬਰਾੜ ਦਾ ਵਿਦਿਆਰਥੀ ਸੀ ਅਤੇ ਮਹਾਰਾਸ਼ਟਰ ਦੇ ਸੌਰਵ ਮਹਾਕਾਲ, ਜਿਸ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾ ਰਿਹਾ ਸੀ। ਮਹਾਕਾਲ ਦੇ ਸੂਬੇ ਵਿੱਚ ਦੋ ਮਹੀਨੇ ਮੌਜੂਦ ਰਹਿਣ ਦੇ ਸਮੇਂ ਦੌਰਾਨ ਉਸ ਨੇ ਮਹਾਕਾਲ ਨਾਲ ਮਿਲ ਕੇ ਪੰਜਾਬ ਵਿੱਚ ਤਿੰਨ ਅਪਰਾਧਾਂ ਨੂੰ ਅੰਜਾਮ ਵੀ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਗਿਰੋਹ ਦੀ ਗ੍ਰਿਫਤਾਰੀ ਨਾਲ ਦੋਆਬਾ ਖੇਤਰ ਅਤੇ ਖਾਸ ਕਰਕੇ ਜਲੰਧਰ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਨੂੰ ਵੱਡੀ ਸੱਟ ਵੱਜੀ ਹੈ।
ਜਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜਲੰਧਰ ਦਿਹਾਤੀ ਪੁਲਿਸ ਨੇ ਸੂਬੇ ਭਰ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧਤ 32 ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 38 ਹਥਿਆਰ ਬਰਾਮਦ ਕੀਤੇ ਹਨ।