Punjab News: ਪੰਜਾਬ 'ਚ ਮੁੜ ਹੜ੍ਹਾਂ ਦਾ ਖਤਰਾ! ਹਿਮਾਚਲ ’ਚ ਮੀਂਹ ਪੈਣ ਨਾਲ ਡੈਮਾਂ 'ਚ ਪਾਣੀ ਵਧਿਆ, ਫਿਰ ਖੋਲ੍ਹੇ ਜਾ ਸਕਦੇ ਫਲੱਡ ਗੇਟ
Punjab Weather Report: ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਮੀਂਹ ਪੈਣ ਮਗਰੋਂ ਡੈਮਾਂ ਵਿੱਚ ਪਾਣੀ ਦੀ ਆਮਦ ਮੁੜ ਵਧ ਗਈ ਹੈ। ਅੱਜ ਵੀ ਭਾਰੀ ਬਾਰਸ਼ ਦੀ ਸੰਭਾਵਨਾ ਹੋਣ ਕਰਕੇ ਪੰਜਾਬ ਲਈ ਆਉਂਦੇ ਦੋ ਦਿਨ...
Punjab Weather Report: ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਮੀਂਹ ਪੈਣ ਮਗਰੋਂ ਡੈਮਾਂ ਵਿੱਚ ਪਾਣੀ ਦੀ ਆਮਦ ਮੁੜ ਵਧ ਗਈ ਹੈ। ਅੱਜ ਵੀ ਭਾਰੀ ਬਾਰਸ਼ ਦੀ ਸੰਭਾਵਨਾ ਹੋਣ ਕਰਕੇ ਪੰਜਾਬ ਲਈ ਆਉਂਦੇ ਦੋ ਦਿਨ ਬੜੇ ਨਾਜ਼ੁਕ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਵੀ ਆਉਂਦੇ ਪੰਜ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਮੁਸ਼ਕਲਾਂ ਵਧ ਸਕਦੀਆਂ ਹਨ।
ਦੱਸ ਦਈਏ ਕਿ ਇਸ ਵਾਰ ਪੰਜਾਬ ’ਚ ਹੜ੍ਹਾਂ ਨੇ ਸਭ ਤੋਂ ਵੱਡਾ ਨੁਕਸਾਨ ਫ਼ਸਲਾਂ ਦਾ ਕੀਤਾ ਹੈ। ਪਹਿਲੇ ਗੇੜ ਦੇ ਹੜ੍ਹ ਕਾਰਨ ਕਰੀਬ ਛੇ ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਸੀ ਜਦਕਿ ਦੂਜੀ ਵਾਰ ਆਏ ਹੜ੍ਹਾਂ ਕਾਰਨ ਕਰੀਬ ਦੋ ਲੱਖ ਏਕੜ ਤੋਂ ਵੱਧ ਰਕਬਾ ਹੋਣ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਹਨ। ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਖੇਤੀ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ। ਝੋਨੇ ਦੀ ਫ਼ਸਲ ਤੋਂ ਇਲਾਵਾ ਬਾਗ਼ਬਾਨੀ ਤੇ ਹਰਾ ਚਾਰਾ, ਸਬਜ਼ੀਆਂ ਦੀ ਫ਼ਸਲ ਤਬਾਹ ਹੋ ਗਈ ਹੈ।
ਸੂਬੇ ਵਿੱਚ ਪਹਿਲੇ ਹੜ੍ਹ ਮਗਰੋਂ ਕਰੀਬ ਦੋ ਲੱਖ ਏਕੜ ਰਕਬੇ ਵਿੱਚ ਮੁੜ ਝੋਨੇ ਦੀ ਲੁਆਈ ਹੋਈ ਸੀ ਜਿਸ ’ਚੋਂ ਕਰੀਬ ਇੱਕ ਲੱਖ ਏਕੜ ਫਸਲ ਮੁੜ ਨੁਕਸਾਨੀ ਗਈ ਹੈ। ਸੂਬੇ ਦੇ ਜ਼ਿਲ੍ਹਾ ਸੰਗਰੂਰ, ਪਟਿਆਲਾ, ਰੋਪੜ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਵਿਚ ਸਭ ਤੋਂ ਜ਼ਿਆਦਾ ਫ਼ਸਲ ਪ੍ਰਭਾਵਿਤ ਹੋਈ ਹੈ। ਫ਼ਿਰੋਜ਼ਪੁਰ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 30-30 ਹਜ਼ਾਰ, ਕਪੂਰਥਲਾ ਜ਼ਿਲ੍ਹੇ ’ਚ ਕਰੀਬ 60 ਹਜ਼ਾਰ, ਫ਼ਾਜ਼ਿਲਕਾ ਵਿਚ 20 ਹਜ਼ਾਰ ਤੇ ਮੋਗਾ ਵਿਚ 5750 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।
ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਬਾਰਸ਼ ਹੋ ਰਹੀ ਹੈ। ਮੰਗਲਵਾਰ ਨੂੰ ਪੰਜਾਬ ਵਿੱਚ 92.21 ਐਮਐਮ ਮੀਂਹ ਪਿਆ। ਡੈਮਾਂ ਦੀ ਸਥਿਤੀ ਦੇਖੀਏ ਤਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672.29 ਫੁੱਟ ਹੈ ਤੇ ਡੈਮ ਵਿੱਚ ਪਾਣੀ ਦੀ ਆਮਦ ਹੁਣ 72 ਹਜ਼ਾਰ ਕਿਊਸਿਕ ਹੋ ਗਈ ਹੈ ਜੋ ਲੰਘੇ ਕੱਲ੍ਹ 36 ਹਜ਼ਾਰ ਕਿਊਸਿਕ ਸੀ। ਪੌਂਗ ਡੈਮ ਵਿਚ ਪਾਣੀ ਦੀ ਆਮਦ 58 ਹਜ਼ਾਰ ਕਿਊਸਿਕ ਹੋ ਗਈ ਹੈ ਜੋ ਪਹਿਲਾਂ 23 ਹਜ਼ਾਰ ਕਿਊਸਿਕ ਸੀ। ਸਤਲੁਜ ਤੇ ਬਿਆਸ ਦਾ ਪੱਧਰ ਵੀ ਹੁਣ ਘਟਿਆ ਹੈ।
ਸਤਲੁਜ ਵਿੱਚ ਹੁਸੈਨੀਵਾਲਾ ਕੋਲ 1.30 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਪਾਕਿਸਤਾਨ ਵਿੱਚ ਕੁਦਰਤੀ ਵਹਾਅ ਨਾਲ ਪਾਣੀ ਜਾ ਰਿਹਾ ਹੈ। ਹੜ੍ਹਾਂ ਕਾਰਨ ਫ਼ਾਜ਼ਿਲਕਾ ਦੇ ਇੱਕ ਦਰਜਨ ਪਿੰਡਾਂ ਦੇ ਹਾਲਾਤ ਬਦਤਰ ਬਣੇ ਹੋਏ ਹਨ। ਫਿਰੋਜ਼ਪੁਰ, ਕਪੂਰਥਲਾ ਤੇ ਫ਼ਾਜ਼ਿਲਕਾ ਵਿੱਚ ਘਰਾਂ ਨੂੰ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਬੀਐਸਐਫ ਤੇ ਐਨਡੀਆਰਐਫ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।