Punjab News : ਮੁੱਖ ਮੰਤਰੀ ਰਿਹਾਇਸ਼ ਦਾ ਚਲਾਨ ਕੱਟਣ ਸਬੰਧੀ ਖ਼ਬਰ ਬੇਬੁਨਿਆਦ
ਮੁੱਖ ਮੰਤਰੀ ਦੀ ਰਿਹਾਇਸ਼ ਸਬੰਧੀ ਅਜਿਹਾ ਕੋਈ ਚਲਾਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸੈਕਟਰ 2 ਸਥਿਤ ਮਕਾਨ ਨੰਬਰ 7 ਦਾ ਚਲਾਨ ਜਾਰੀ ਕੀਤਾ ਗਿਆ ਹੈ
ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਨੂੰ ਕੂੜੇ ਸਬੰਧੀ ਜਾਰੀ ਕੀਤੇ ਚਲਾਨ ਬਾਰੇ ਮੀਡੀਆ ਰਿਪੋਰਟਾਂ ਗੁਮਰਾਹਕੁਨ, ਬੇਬੁਨਿਆਦ ਅਤੇ ਤੱਥਾਂ ਤੋਂ ਕੋਹਾਂ ਦੂਰ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਸਬੰਧੀ ਅਜਿਹਾ ਕੋਈ ਚਲਾਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸੈਕਟਰ 2 ਸਥਿਤ ਮਕਾਨ ਨੰਬਰ 7 ਦਾ ਚਲਾਨ ਜਾਰੀ ਕੀਤਾ ਗਿਆ ਹੈ, ਜੋ ਕਿ ਇਸ ਵੇਲੇ ਪੈਰਾ ਮਿਲਟਰੀ ਫੋਰਸ ਕੋਲ ਹੈ ਅਤੇ ਇਸ ਦਾ ਮੁੱਖ ਮੰਤਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਚਲਾਨ ਸਬੰਧੀ ਸਾਰੀਆਂ ਖ਼ਬਰਾਂ ਪੂਰੀ ਤਰ੍ਹਾਂ ਗਲਤ ਅਤੇ ਗੁਮਰਾਹਕੁਨ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਗੰਦਗੀ ਫੈਲਾਉਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਚਲਾਨ ਕੀਤਾ ਹੈ। ਸੈਕਟਰ-2 ਸਥਿਤ ਕੋਠੀ ਨੰਬਰ 7 ਦੇ ਪਿੱਛੇ ਕੂੜਾ ਫੈਲਿਆ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਨਿਗਮ ਨੇ ਇਹ ਕਾਰਵਾਈ ਕੀਤੀ। ਕੁੱਲ 10,000 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਸੀਆਰਪੀਐਫ ਬਟਾਲੀਅਨ 113, ਡੀਐਸਪੀ ਹਰਜਿੰਦਰ ਸਿੰਘ ਦਾ ਕੱਟਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਕੋਠੀ ਨੰਬਰ 7 ਮੁੱਖ ਮੰਤਰੀ ਦੇ ਨਾਂ ’ਤੇ ਅਲਾਟ ਹੈ ਪਰ ਮੁੱਖ ਮੰਤਰੀ ਕੋਠੀ ਨੰਬਰ 6 ਵਿੱਚ ਰਹਿੰਦੇ ਹਨ। ਪੰਜਾਬ ਦੇ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਇੱਥੇ ਰਹਿੰਦੇ ਹਨ। ਮੰਤਰੀਆਂ ਦੀਆਂ ਗੱਡੀਆਂ ਵੀ ਇੱਥੇ ਹੀ ਪਾਰਕ ਕੀਤੀਆਂ ਜਾਂਦੀਆਂ ਹਨ। ਕੋਠੀ ਦੇ ਪਿਛਲੇ ਪਾਸੇ ਕੂੜਾ ਪਿਆ ਹੋਣ ਦੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਨਗਰ ਨਿਗਮ ਦੀ ਟੀਮ ਪੁੱਜੀ।
ਮੌਕੇ ਦਾ ਮੁਆਇਨਾ ਕਰ ਕੇ ਫੋਟੋ ਖਿਚਵਾਉਣ ਤੋਂ ਬਾਅਦ ਚਲਾਨ ਕੱਟਿਆ ਗਿਆ। ਸਾਲਿਡ ਵੇਸਟ ਮੈਨੇਜਮੈਂਟ ਉਪ-ਨਿਯਮਾਂ, 2018 ਦੇ ਨਿਯਮ 14(I) ਅਤੇ ਨਿਯਮ 15(G) ਦੇ ਤਹਿਤ 500+9500 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਕੱਟਣ ਵਾਲੇ ਅਧਿਕਾਰੀ ਨੇ ਚਲਾਨ ਪੇਪਰ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ ਚਲਾਨ ਭਰਿਆ ਜਾ ਸਕਦਾ ਹੈ।