Punjab News: ਕਿਸਾਨ ਆਗੂ ਵੱਲੋਂ ਦਲਿਤ ਨੌਜਵਾਨਾਂ ਨੂੰ ਕੁੱਟਣ ਦਾ ਵੀਡੀਓ ਵਾਇਰਲ,ਪੀੜਤਾਂ ਨੇ ਸਰਕਾਰ ਕੋਲੋਂ ਕੀਤੀ ਇਨਸਾਫ਼ ਦੀ ਮੰਗ
Viral Video: ਹਾਲ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਕਿਸਾਨ ਆਗੂ ਨੌਜਵਾਨਾਂ ਦੀ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ।
Punjab News: ਹਾਲ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਕਿਸਾਨ ਆਗੂ ਨੌਜਵਾਨਾਂ ਦੀ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਪਾਸੇ ਦਲਿਤ ਭਾਈਚਾਰੇ ਨੇ ਐਲਾਨ ਕੀਤਾ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਾ ਕੀਤਾ ਗਿਆ ਜਾਂ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ। ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਇਨ੍ਹਾਂ ਮੁੰਡਿਆਂ ਨੂੰ ਲੁਟੇਰੇ ਗ੍ਰਿਰੋਹ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਜਿਨ੍ਹਾਂ 'ਤੇ ਪਹਿਲਾਂ ਵੀ ਕਈ ਲੁੱਟ ਦੇ ਮਾਮਲੇ ਦਰਜ ਹਨ।
ਕਿਸਾਨਾਂ ਨੇ ਦੱਸਿਆ ਕੀ ਸੀ ਮਾਮਲਾ
ਦੂਜੇ ਪਾਸੇ ਕਿਸਾਨ ਆਗੂਆਂ ਨੇ ਇਸ ਮਾਮਲੇ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ ਕਿ 6 ਜੂਨ ਨੂੰ ਜਦੋਂ ਕਿਸਾਨ ਆਗੂ ਮਨਜੀਤ ਸਿੰਘ ਦਾ ਲੜਕਾ ਭਾਈ ਗੁਰਦਾਸ ਕਾਲਜ ਤੋਂ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦਾ ਪਿਤਾ ਮਨਜੀਤ ਸਿੰਘ ਮੌਕੇ 'ਤੇ ਪਹੁੰਚ ਗਿਆ ਅਤੇ ਮਨਜੀਤ ਸਿੰਘ ਨੇ ਦੋਵਾਂ ਲੜਕਿਆਂ ਦੀ ਡੰਡੇ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉੱਥੇ ਖੜ੍ਹੇ ਕੁਝ ਲੋਕਾਂ ਵੱਲੋਂ ਉਨ੍ਹਾਂ ਲੜਕਿਆਂ ਨੂੰ ਕੁੱਟਣ ਦੀ ਵੀਡੀਓ ਬਣਾਈ ਗਈ ਅਤੇ ਇਹ ਵੀਡੀਓ ਵਾਇਰਲ ਹੋ ਗਈ।
ਦਲਿਤ ਭਾਈਚਾਰੇ ਵੱਲੋਂ ਸੰਗਰੂਰ ਸ਼ਹਿਰ ਨੂੰ ਬੰਦ ਕਰਵਾਉਣ ਦੀ ਆਖੀ ਗੱਲ
ਇਸ ਲਈ ਪੁਲਿਸ ਨੇ 7 ਜੂਨ ਨੂੰ ਕਿਸਾਨ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਛੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਕਿਸਾਨ ਆਗੂ ਦੇ ਬੇਟੇ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਵੇਂ ਨੌਜਵਾਨਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਦਲਿਤ ਜਥੇਬੰਦੀਆਂ ਦੇ ਵਿੱਚ ਰੋਸ ਅਤੇ ਗੁੱਸਾ ਹੈ। ਜਿਸ ਕਰਕੇ ਉਨ੍ਹਾਂ ਵੱਲੋਂ ਬੁੱਧਵਾਰ ਨੂੰ ਜਥੇਬੰਦੀਆਂ ਨੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਮਨਜੀਤ ਸਿੰਘ ਅਤੇ ਜਗਤਾਰ ਸਿੰਘ ਦੇ ਖਿਲਾਫ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦਲਿਤ ਆਗੂਆਂ ਦਰਸ਼ਨ ਸਿੰਘ ਕਾਂਗੜਾ ਅਤੇ ਰਵੀ ਚਾਵਲਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੀਤੇ ਕੇਸ ’ਤੇ ਕਾਰਵਾਈ ਨਾ ਕੀਤੀ ਜਾਂ ਗ੍ਰਿਫ਼ਤਾਰ ਨਾ ਕੀਤਾ ਤਾਂ ਦਲਿਤ ਭਾਈਚਾਰੇ ਵੱਲੋਂ ਸੰਗਰੂਰ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਤਾ ਗਿਆ ਇਹ ਬਿਆਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਾਡੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋ ਨਾਲ ਵਾਪਰੀ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਜਾਣਬੁੱਝ ਕੇ ਮਜ਼ਦੂਰ ਕਿਸਾਨਾਂ ਦਾ ਮੁੱਦਾ ਬਣਾ ਰਿਹਾ ਹੈ ਅਤੇ ਕਿਸਾਨਾਂ ਖਿਲਾਫ ਐਸ.ਸੀ./ਐਸ.ਟੀ ਐਕਟ ਦਾ ਕੇਸ ਦਰਜ ਕਰ ਰਿਹਾ ਹੈ। ਪ੍ਰਸ਼ਾਸਨ ਜਾਣ ਬੁੱਝ ਕੇ ਇਸ ਮਾਮਲੇ ਨੂੰ ਵਧਾ ਰਿਹਾ ਹੈ। ਜੇਕਰ ਪ੍ਰਸ਼ਾਸਨ ਨੇ ਇਸ SC/ST ਐਕਟ ਨੂੰ ਰੱਦ ਨਾ ਕੀਤਾ ਤਾਂ ਉਹ ਭਵਿੱਖ ਵਿੱਚ ਵੱਡਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਪੁਲਿਸ ਵੱਲੋਂ ਦੋਵਾਂ ਧਿਰਾਂ ਉੱਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਦੂਜੇ ਪਾਸੇ ਸੰਗਰੂਰ ਦੇ ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਅਸੀਂ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।