Amritpal Singh: ਪੰਜਾਬ ਪੁਲਿਸ ਦਾ MP ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਕੰਜਾ ਟਾਈਟ, ਟਿੰਡਰ ਤੋਂ ਮੰਗ ਲਿਆ ਸਾਰਾ ਲੇਖਾ-ਜੋਖਾ
Amritpal Singh: ਪੰਜਾਬ ਪੁਲਿਸ ਨੇ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਨਜ਼ਰਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਇੱਕ ਪਾਸੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ..

Amritpal Singh: ਪੰਜਾਬ ਪੁਲਿਸ ਨੇ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਨਜ਼ਰਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਇੱਕ ਪਾਸੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਐਕਟਿਵ ਹੋਈਆਂ ਹਨ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਪੰਜਾਬ ਪੁਲਿਸ ਨੇ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕੇਸ ਵਿੱਚ ਅੰਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਬਾਰੇ ਜਾਂਚ ਤੇਜ਼ ਕਰ ਦਿੱਤੀ ਹੈ।
ਇਸ ਸਬੰਧੀ ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸ਼ੱਕੀ ਖ਼ਾਤੇ ਬਾਰੇ ਜਾਣਕਾਰੀ ਮੰਗੀ ਹੈ। ਟਿੰਡਰ ਨੂੰ ਭੇਜੇ ਇੱਕ ਪੱਤਰ ਵਿੱਚ ਫਰੀਦਕੋਟ ਪੁਲਿਸ ਨੇ ਕਿਹਾ ਕਿ ਉਹ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੀ ਪਿਛਲੇ ਸਾਲ 9 ਅਕਤੂਬਰ ਨੂੰ ਪਿੰਡ ਦੇ ਗੁਰਦੁਆਰੇ ਤੋਂ ਆਪਣੀ ਮੋਟਰਸਾਈਕਲ ’ਤੇ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੁਰਪ੍ਰੀਤ ਸਿੰਘ ਹਰੀ ਨੌ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਮੈਂਬਰ ਸੀ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ ਵਿੱਚ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਹਰੀ ਨੌ ਦੀ ਹੱਤਿਆ ਕਥਿਤ ਤੌਰ ’ਤੇ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ‘ਤੇ ਕੀਤੀ ਗਈ ਸੀ, ਜੋ ਇਸ ਸਮੇਂ ਸਖ਼ਤ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਗੈਂਗਸਟਰ ਤੋਂ ਖਾਲਿਸਤਾਨੀ ਬਣਿਆ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਇਸ ਕਤਲ ਦਾ ਮਾਸਟਰਮਾਈਂਡ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਗਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਟਿੰਡਰ ਤੋਂ 1 ਜਨਵਰੀ 2019 ਤੋਂ ਖ਼ਾਤੇ ਦੇ ਵਰਤੋਂਕਾਰ ਦੇ ਵੇਰਵੇ, ਨਾਮ, ਜਨਮ ਮਿਤੀ, ਫ਼ੋਨ ਨੰਬਰ, ਸਥਾਨ ਦੀ ਜਾਣਕਾਰੀ ਤੇ ਆਈਪੀ ਐਡਰੈੱਸ ਲੌਗ ਮੰਗੇ ਹਨ। ਇਸ ਤੋਂ ਇਲਾਵਾ ਸਾਰੇ ਲਿੰਕ ਕੀਤੇ ਈ-ਮੇਲ ਆਈਡੀ ਤੇ ਫ਼ੋਨ ਨੰਬਰ, ਅਪਲੋਡ ਕੀਤੀਆਂ ਗਈਆਂ ਤਸਵੀਰਾਂ, ਮੀਡੀਆ ਫਾਈਲਾਂ, ਦੋਸਤਾਂ/ਸੰਪਰਕਾਂ ਦੀ ਸੂਚੀ, ਆਪਸੀ ਮੈਚਾਂ, ਚੈਟ ਇਤਿਹਾਸ ਤੇ ਟਿੰਡਰ ਪਲੇਟਫਾਰਮ ਰਾਹੀਂ ਆਦਾਨ-ਪ੍ਰਦਾਨ ਕੀਤੇ ਗਏ ਸੁਨੇਹਿਆਂ ਸਮੇਤ ਸਾਰੇ ਵੇਰਵਿਆਂ ਦੀ ਜਾਣਕਾਰੀ ਵੀ ਮੰਗੀ ਗਈ ਹੈ।






















