Punjab Congress: ਸਿੱਧੂ ਨੇ ਫਿਰ ਚੁੱਕੀ ਸੀਐਮ ਫੇਸ ਐਲਾਨਣ ਦੀ ਮੰਗ, ਕਿਹਾ- ਕਾਂਗਰਸ ਜਿੱਤੇਗੀ 70 ਸੀਟਾਂ
Punjab Election: ਇਸ ਵਾਰ ਕਾਂਗਰਸ ਨੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਲੜਨ ਦਾ ਐਲਾਨ ਕੀਤਾ ਹੈ। ਪਰ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਹਾਈਕਮਾਂਡ ਤੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਉਠਾ ਰਹੇ ਹਨ।
ਚੰਡੀਗੜ੍ਹ: ਆਗਾਮੀ ਵਿਧਾਨ ਸਭਾ ਚੋਣਾਂ (Punjab Assembly Election ) ਲਈ ਪੰਜਾਬ ਵਿੱਚ ਕਾਂਗਰਸ (Punjab Congress) ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ 'ਤੇ ਪੂਰਾ ਭਰੋਸਾ ਹੈ ਜੋ ਹਰ ਸੰਭਵ ਉਮੀਦਵਾਰ ਦੇ ਗੁਣਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਫੈਸਲਾ ਕਰੇਗੀ। ਸਿੱਧੂ ਨੇ ਏਐਨਆਈ ਨੂੰ ਦੱਸਿਆ, "ਕਾਂਗਰਸ ਇਹ ਫੈਸਲਾ ਹਰੇਕ ਨੇਤਾ ਦੇ ਗੁਣਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਵੇਗੀ। ਮੈਨੂੰ ਪਾਰਟੀ ਵਿੱਚ ਪੂਰਾ ਵਿਸ਼ਵਾਸ ਹੈ। ਅਸੀਂ ਪਾਰਟੀ ਹਾਈ ਕਮਾਂਡ ਵਲੋਂ ਲਏ ਗਏ ਫੈਸਲੇ ਨੂੰ ਸਵੀਕਾਰ ਕਰਾਂਗੇ।"
ਪੰਜਾਬ ਚੋਣਾਂ ਨੂੰ ਲੈ ਕੇ ਹਰ ਪਾਰਟੀ ਵਲੋਂ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ, ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਬਗੈਰ ਮੁੱਖ ਮੰਤਰੀ ਚਿਹਰਾ ਐਲਾਨਣ ਦੇ ਮੂੜ 'ਚ ਨਹੀਂ ਹੈ। ਕਾਂਗਰਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਦੋਵੇਂ ਪ੍ਰਮੁੱਖ ਅਹੁਦੇ ਦੇ ਦਾਅਵੇਦਾਰ ਹੋਣ ਕਾਰਨ ਕਾਂਗਰਸ ਲਈ ਇਹ ਗੰਭੀਰ ਮੁੱਦਾ ਬਣਿਆ ਹੋਇਆ ਹੈ। ਇਸ ਖੇਡ ਵਿੱਚ ਕਾਂਗਰਸੀ ਆਗੂ ਸੁਨੀਲ ਜਾਖੜ ਦਾ ਨਾਂ ਵੀ ਸਾਹਮਣੇ ਆਇਆ ਹੈ।
ਆਪਣੇ 13 ਸੂਤਰੀ ਪੰਜਾਬ ਮਾਡਲ ਨੂੰ ਸੂਬੇ ਦੇ ਭਵਿੱਖ ਦੀ ਤਸਵੀਰ ਵਜੋਂ ਪੇਸ਼ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੰਜਾਬ ਮਾਡਲ ਜਾਂ ਤਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਡਲ ਹੈ ਤਾਂ ਨਵਜੋਤ ਸਿੱਧੂ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੀ ਮੰਗ ਮੁੜ ਉਠਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਦੁਚਿੱਤੀ ਵਿੱਚ ਹਨ ਅਤੇ ਜੇਕਰ ਇਹ ਦੁਬਿਧਾ ਦੂਰ ਹੋ ਜਾਂਦੀ ਹੈ ਤਾਂ ਪਾਰਟੀ 70 ਸੀਟਾਂ ਜਿੱਤ ਕੇ ਮੁੜ ਸਰਕਾਰ ਬਣਾਏਗੀ।
ਐਤਵਾਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਜਿੱਥੇ ਸਿੱਧੂ ਨੇ ਮੁੜ ਪੰਜਾਬ ਮਾਡਲ ਦੇ ਏਜੰਡੇ ਨੂੰ ਵਿਸਥਾਰ ਨਾਲ ਦੱਸਿਆ, ਉੱਥੇ ਹੀ ਸੂਬੇ ਵਿੱਚ ਪਾਰਟੀ ਅਤੇ ਸਰਕਾਰ ਨਾਲ ਜੁੜੇ ਮੁੱਦਿਆਂ ਬਾਰੇ ਵੀ ਗੱਲ ਹੋਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਸਾਹਮਣੇ ਸਵਾਲ ਇਹ ਹੈ ਕਿ ਸੂਬੇ ਨੂੰ ਇਸ ਦਲਦਲ ਚੋਂ ਕੌਣ ਅਤੇ ਕਿਵੇਂ ਕੱਢੇਗਾ।
ਇਸ ਲਈ ਰੋਡਮੈਪ ਹੋਣਾ ਚਾਹੀਦਾ ਹੈ ਅਤੇ ਜੇਕਰ ਇਸ ਰੋਡਮੈਪ ਨੂੰ ਚੋਣ ਮਨੋਰਥ ਪੱਤਰ ਦੇ ਰੂਪ ਵਿਚ ਪੇਸ਼ ਕੀਤਾ ਜਾਵੇ ਤਾਂ ਕਾਂਗਰਸ ਦੀ ਜਿੱਤ ਯਕੀਨੀ ਹੈ। ਜਨਤਾ ਉਸ 'ਤੇ ਭਰੋਸਾ ਕਰੇਗੀ ਜੋ ਇਹ ਰੋਡਮੈਪ ਪੇਸ਼ ਕਰੇਗਾ ਕਿ ਕਿਵੇਂ ਖਜ਼ਾਨਾ ਭਰਿਆ ਜਾਵੇਗਾ, ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਪੰਜਾਬ ਵਿਚ ਕਿਵੇਂ ਰੁਜ਼ਗਾਰ ਮਿਲੇਗਾ, ਨੌਜਵਾਨਾਂ ਨੂੰ ਉੱਦਮੀ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਖੇਤੀਬਾੜੀ ਸੈਕਟਰ ਨੂੰ ਪ੍ਰਫੁੱਲਤ ਕਰਕੇ ਕਿਸਾਨਾਂ ਦਾ ਜੀਵਨ ਕਿਵੇਂ ਸੁਧਾਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਅਗਲੇ ਤਿੰਨ ਮਹੀਨੇ ਨੌਕਰੀਆਂ ਹੀ ਨੌਕਰੀਆਂ, ਸਰਕਾਰੀ ਵਿਭਾਗਾਂ 'ਚ 50 ਹਜ਼ਾਰ ਤੋਂ ਵੱਧ ਅਸਾਮੀਆਂ 'ਤੇ ਨੌਕਰੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin